ਸਿੱਖ ਸਟੂਡੈਂਟਸ ਫੈੱਡਰੇਸ਼ਨ ਵੱਲੋਂ ਦੇਸ਼ ਭਰ ਦੇ ਅਹੁਦੇਦਾਰ ਨਾਲ ਮੀਟਿੰਗ
ਅੰਮ੍ਰਿਤਸਰ: ਸਿੱਖ ਸਟੂਡੈਂਟਸ ਫੈੱਡਰੇਸ਼ਨ ਦੀ ਜਨਰਲ ਬਾਡੀ ਦੀ ਮੀਟਿੰਗ 'ਚ ਦੇਸ਼ ਭਰ ਦੇ ਅਹੁਦੇਦਾਰ ਨੇ ਸ਼ਿਰਕਤ ਕੀਤੀ। ਸਿੱਖ ਸਟੂਡੈਂਟਸ ਫੈੱਡਰੇਸ਼ਨ (Sikh Students Federation) ਦੇ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਨੇ ਦੱਸਿਆ ਕਿ ਫੈੱਡਰੇਸ਼ਨ ਦੇ ਜਥੇਬੰਦਕ ਢਾਂਚੇ ਦੇ ਐਲਾਨ ਤੋਂ ਬਾਅਦ ਜਨਰਲ ਬਾਡੀ ਦੀ ਇਸ ਪਲੇਠੀ ਮੀਟਿੰਗ ਵਿਚ ਜਥੇਬੰਦੀ ਦੇ ਪ੍ਰਚਾਰ, ਪ੍ਰਸਾਰ ਅਤੇ ਫੈੱਡਰੇਸ਼ਨ ਨੂੰ ਹੋਰ ਵੀ ਮਜ਼ਬੂਤੀ ਨਾਲ ਸਥਾਪਿਤ ਕਰਨ ਤੋਂ ਇਲਾਵਾ, ਅਜੋਕੇ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਹਾਲਾਤਾਂ ਬਾਰੇ ਵਿਸਤਰਿਤ ਵਿਚਾਰ-ਵਟਾਂਦਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅਜੋਕੇ ਦੌਰ ਵਿਚ ਜੋ ਸਿੱਖ ਨੌਜਵਾਨ ਪੀੜ੍ਹੀ ਆਪਣੇ ਸਿੱਖ ਵਿਰਸੇ ਅਤੇ ਸਿਧਾਂਤਾਂ ਤੋਂ ਦੂਰ ਹੁੰਦੀ ਜਾ ਰਹੀ ਹੈ, ਨੂੰ ਗੁਰਮਤਿ ਨਾਲ ਜੋੜਨ ਲਈ ਸਾਰਥਿਕ ਨੀਤੀ ਤਿਆਰ ਕੀਤੀ ਜਾਵੇਗੀ ਤਾਂ ਕਿ ਕੌਮ ਦਾ ਭਵਿੱਖ ਹੋਰ ਵੀ ਉੱਜਵਲ ਹੋ ਸਕੇ। ਅਖੀਰ ਵਿਚ ਢੋਟ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਇਲਾਵਾ ਪੰਜਾਬ ਦੇ ਸਮੁੱਚੇ ਜ਼ਿਲ੍ਹਿਆਂ ਵਿੱਚੋਂ ਵੱਡੀ ਗਿਣਤੀ ਵਿਚ ਫੈੱਡਰੇਸ਼ਨ ਦੇ ਅਹੁਦੇਦਾਰ ਪਹੁੰਚੇ ਹਨ।