ਬਿਜਲੀ ਮੁਲਾਜ਼ਮਾਂ ਨੇ ਛੁੱਟੀ ਕਰਕੇ ਕੀਤੀ ਹੜਤਾਲ - ਛੁੱਟੀ ਕਰਕੇ ਕੀਤੀ ਹੜਤਾਲ
ਫ਼ਤਿਹਗੜ੍ਹ ਸਾਹਿਬ: ਪਾਵਰਕਾਮ ਕਾਮਿਆਂ ਨੇ ਚੌਥੇ ਦਿਨ ਦੇ ਪ੍ਰਦਰਸ਼ਨ ਦੌਰਾਨ ਦਫ਼ਤਰਾਂ ਨੂੰ ਜਿੰਦਰੇ ਮਾਰ ਕੇ ਰੋਸ ਮੁਜ਼ਾਹਰਾ ਕੀਤਾ। ਪਾਵਰਕਾਮ ਇੰਪਲਾਈਜ਼ ਜੁਆਇੰਟ ਫੋਰਮ ਆਗੂ ਦਲਜੀਤ ਸਿੰਘ ਅਤੇ ਹੋਰ ਕਾਮਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਸਰਹਿੰਦ ਦਫ਼ਤਰ ਵਿਚ ਜਿੰਦੇ ਲਗਾ ਕੇ ਆਪਣਾ ਕੰਮਕਾਰ ਬੰਦ ਕਰ ਦਿੱਤਾ ਹੈ। ਹੁਣ ਉਨ੍ਹਾਂ ਚਿਰ ਕੰਮ ਨਹੀਂ ਕੀਤਾ ਜਾਵੇਗਾ, ਜਿੰਨਾ ਚਿਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ। ਉਨ੍ਹਾਂ ਦੱਸਿਆ ਕਿ ਪਾਵਰਕਾਮ ਦੇ ਮੁਲਾਜ਼ਮਾਂ ਵਲੋਂ ਪੇ ਬੈਂਡ ਦੇ ਸੰਬੰਧ ਵਿਚ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਪੀ.ਪੈਟ ਅਤੇ ਹੋਰ ਮੰਗਾਂ ਮੰਨ ਕੇ ਵੀ ਲਾਗੂ ਨਹੀਂ ਕੀਤੀਆਂ ਗਈਆਂ, ਜਦ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਇਕ ਦਸੰਬਰ 2011 ਤੋਂ ਪੇ ਬੈਂਡ ਦੇ ਚੁੱਕੀ ਹੈ। ਪ੍ਰੰਤੂ ਪਾਵਰਕਾਮ ਦੇ ਮੁਲਾਜ਼ਮਾਂ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਦਵਿੰਦਰ ਸਿੰਘ ਚਨਾਰਥਲ ਨੇ ਕਿਹਾ ਕਿ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਵਾਰ ਵਾਰ ਮੀਟਿੰਗਾਂ ਬੁਲਾ ਕੇ ਪਿੰਡ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਜਿਸ ਕਰਕੇ ਬਿਜਲੀ ਮੁਲਾਜ਼ਮਾਂ ਦੇ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਮੁਲਾਜ਼ਮਾਂ ਦੇ ਨਾਲ ਝੂਠੇ ਵਾਅਦੇ ਕੀਤੇ ਜਾ ਰਹੇ ਹਨ। ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਕੋਈ ਹੱਲ ਨਹੀਂ ਕੀਤਾ ਜਾ ਰਿਹਾ।