ਉਦਯੋਗਪਤੀ ਨਾਲ ਹੋਈ 28 ਲੱਖ ਦੀ ਠੱਗੀ, ਵੇਖੋ ਕਿਵੇਂ ੳੱਡੇ ਲੱਖਾਂ ਰੁਪਏ
ਜਲੰਧਰ: ਲਗਾਤਾਰ ਹੀ ਠੱਗੀ ਦੇ ਮਾਮਲੇ ਪੰਜਾਬ ਵਿੱਚੋਂ ਸਾਹਮਣੇ ਆ ਰਹੇ ਹਨ। ਏਦਾਂ ਦਾ ਹੀ ਇੱਕ ਮਾਮਲਾ ਫਗਵਾੜਾ ਦੇ ਵਿਚ ਦੇਖਣ ਨੂੰ ਮਿਲਿਆ। ਜਿਥੇ ਕਿ ਇੱਕ ਉਦਯੋਗਪਤੀ ਦੇ ਨਾਲ 28 ਲੱਖ 84 ਹਜ਼ਾਰ ਦੀ ਠੱਗੀ ਹੋਈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਫਗਵਾੜਾ ਦੇ ਉਦਯੋਗਪਤੀ ਪੁਨੀਤ ਗੁਪਤਾ ਨੇ ਦੱਸਿਆ ਕਿ ਉਸ ਦੇ ਬੈਂਕ ਖਾਤੇ ਤੋਂ ਲੱਖਾਂ ਦੀ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ, ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਐਚ.ਡੀ.ਐਫ.ਸੀ ਬੈਂਕ ਖਾਤੇ ਵਿੱਚੋਂ 28 ਲੱਖ 84 ਹਜ਼ਾਰ ਰੁਪਏ ਬੜੇ ਹੀ ਸ਼ਾਂਤੀਮਈ ਢੰਗ ਦੇ ਨਾਲ ਉਨ੍ਹਾਂ ਦੇ ਖਾਤੇ ਤੋਂ ਕੱਢ ਦਿੱਤੇ ਗਏ, ਤਾਂ ਇਸ ਸਾਰੇ ਮਾਮਲੇ ਦੀ ਸ਼ਿਕਾਇਤ ਉਨ੍ਹਾਂ ਨੇ ਐਚ.ਡੀ.ਐਫ.ਸੀ ਬੈਂਕ ਸ਼ਾਖਾ ਨੂੰ ਦਿੱਤੀ। ਬੈਂਕ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦੀ ਸਾਰੀ ਰਕਮ ਨੈੱਟ ਬੈਂਕਿੰਗ ਦੇ ਰਾਹੀਂ ਹੋਈ ਹੈ, ਜੋ ਕਿ ਆਈ.ਸੀ.ਆਈ.ਸੀ ਬੈਂਕ ਵਿਚ ਕੀਤੀ ਗਈ ਹੈ। ਉਨ੍ਹਾਂ ਨੂੰ ਨੈੱਟ ਬੈਂਕਿੰਗ ਦਾ ਕੋਈ ਵੀ ਓ.ਟੀ.ਪੀ ਮੈਸੇਜ ਵੀ ਨਹੀਂ ਆਇਆ ਸੀ। ਇਸ ਸਾਰੇ ਮਾਮਲੇ ਵਿਚ ਲਿਖਤੀ ਸ਼ਿਕਾਇਤ ਉਨ੍ਹਾਂ ਨੇ ਪਹਿਲਾਂ ਫਗਵਾੜਾ ਪੁਲਿਸ ਨੂੰ ਦਿੱਤੀ ਸੀ ਤਾਂ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਕੋਈ ਐੱਫ.ਆਈ.ਆਰ ਦਰਜ ਨਹੀਂ ਕੀਤੀ ਗਈ, ਜਿਸਦੇ ਚੱਲਦਿਆਂ ਅੱਜ ਉਨ੍ਹਾਂ ਵੱਲੋਂ ਪੁਲਿਸ ਦੇ ਖਿਲਾਫ਼ ਧਰਨਾ ਪ੍ਰਦਰਸ਼ਨ ਵੀ ਕਰਨਾ ਪਿਆ। ਤਦ ਜਾ ਕੇ ਪੁਲਿਸ ਨੇ ਐਫ.ਆਈ.ਆਰ ਦਰਜ ਕਰਨ ਦਾ ਯਕੀਨ ਦਿੱਤਾ ਹੈ। ਇੰਡਸਟਰੀਲਿਸਟਾਂ ਦਾ ਇਹ ਵੀ ਕਹਿਣਾ ਹੈ ਕਿ ਅਗਰ ਪੁਲਿਸ ਉਸ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ ਨਹੀਂ ਕਰੇਗੀ, ਤਾਂ ਉਹ ਉੱਚ ਅਧਿਕਾਰੀਆਂ ਤੇ ਵੀ ਇਸ ਦੀ ਸ਼ਿਕਾਇਤ ਕਰਨਗੇ।