ਨਿਹਾਲ ਸਿੰਘ ਵਾਲਾ: ਜਸਵੀਰ ਕੌਰ ਹਿੰਮਤਪੁਰਾ ਬਣੀ ਬਲਾਕ ਸੰਮਤੀ ਦੀ ਨਵੀਂ ਚੇਅਰਪਰਸਨ - ਨਿਹਾਲ ਸਿੰਘ ਵਾਲਾ
ਮੋਗਾ ਜ਼ਿਲ੍ਹੇ ਦੀ ਸਬ ਡਵੀਜ਼ਨ ਤੇ ਬਲਾਕ ਨਿਹਾਲ ਸਿੰਘ ਵਾਲਾ ਦੇ ਬਲਾਕ ਸੰਮਤੀ ਦੇ ਚੇਅਰਮੈਨ ਦੀ ਚੋਣ ਲਈ ਬੀਡੀਪੀਓ ਦਫ਼ਤਰ ਨਿਹਾਲ ਸਿੰਘ ਵਾਲਾ ਵਿੱਚ ਐਸਡੀਐਮ ਡਾ. ਮਨਦੀਪ ਕੌਰ ਦੀ ਅਗਵਾਈ ਵਿੱਚ ਮੀਟਿੰਗ ਰੱਖੀ ਗਈ। ਐਸਡੀਐਮ ਨੇ ਦੱਸਿਆ ਕਿ ਇਸ ਵਿੱਚ ਬਲਾਕ ਸੰਮਤੀ ਦੇ ਕੁੱਲ 23 ਵਿੱਚੋਂ 20 ਮੈਂਬਰ ਮੌਜੂਦ ਰਹੇ। ਸਭ ਤੋਂ ਪਹਿਲਾਂ ਚੇਅਰਮੈਨ ਦੀ ਚੋਣ ਲਈ ਸਹਿਮਤੀ ਲਈ ਗਈ ਜਿਸ ਵਿੱਚ ਕਿ ਜਸਵੀਰ ਕੌਰ ਦਾ ਨਾਮ ਤਜਵੀਜ਼ ਕੀਤਾ ਗਿਆ ਅਤੇ ਉੱਥੇ ਮੌਜੂਦ ਬਲਾਕ ਸੰਮਤੀ ਮੈਂਬਰਾਂ ਨੇ ਉਨ੍ਹਾਂ ਨੂੰ ਸਹਿਮਤੀ ਦਿੱਤੀ। ਬਾਅਦ ਵਿੱਚ ਵਾਈਸ ਚੇਅਰਮੈਨ ਦੀ ਚੋਣ ਲਈ ਸਹਿਮਤੀ ਲਈ ਗਈ ਤਾਂ ਦਰਸ਼ਨ ਸਿੰਘ ਮਾਛੀਕੇ ਦਾ ਨਾਮ ਤਜਵੀਜ਼ ਕਰਨ 'ਤੇ ਕਾਂਗਰਸ ਦੇ ਹੀ ਦੂਜੇ ਧੜੇ ਵੱਲੋਂ ਇਤਰਾਜ਼ ਜਤਾਇਆ ਗਿਆ ਅਤੇ ਉਹ ਮੀਟਿੰਗ ਵਿੱਚੋਂ ਵਾਕਆਊਟ ਕਰ ਗਏ। ਇਸ ਕਾਰਨ ਵਾਈਸ ਚੇਅਰਮੈਨ ਦੀ ਚੋਣ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀ ਗਈ।