ਅਰਵਿੰਦ ਕੇਜਰੀਵਾਲ ਦੀ ਮਾਨਸਾ ਫੇਰੀ ਤੋਂ ਪਹਿਲਾਂ ਕਿਸਾਨ ਹੋਏ ਇਕੱਠੇ - ਆਮ ਆਦਮੀ ਪਾਰਟੀ
ਮਾਨਸਾ: ਮਾਨਸਾ ਵਿਖੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਆਮਦ ਤੋਂ ਪਹਿਲਾਂ ਕਿਸਾਨਾਂ ਵੱਲੋਂ ਸਵਾਲ ਜਵਾਬ ਨੂੰ ਲੈ ਕੇ ਖਿਆਲਾ ਵਿਖੇ ਰੋਡ ਉੱਪਰ ਇਕੱਤਰ ਹੋਣੇ ਸ਼ੁਰੂ ਹੋ ਗਏ ਹਨ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਅਰਵਿੰਦ ਕੇਜਰੀਵਾਲ ਨੂੰ ਸਵਾਲ ਜਵਾਬ ਕਰਨਗੇ। ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦਾ ਫ਼ੈਸਲਾ ਹੈ ਕਿ ਜਦੋਂ ਤਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਕਿਸੇ ਵੀ ਪਾਰਟੀ ਨੂੰ ਮੀਟਿੰਗ ਕਰਨ ਨਹੀਂ ਦਿੱਤੀ ਜਾਵੇਗੀ। ਪਰ ਅਰਵਿੰਦ ਕੇਜਰੀਵਾਲ ਅੱਜ ਵੋਟਾਂ ਬਟੋਰਨ ਦੇ ਲਈ ਮਾਨਸਾ ਦੇ ਵਿੱਚ ਮੀਟਿੰਗ ਕਰਨ ਦੇ ਲਈ ਆ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਮਨਜੀਤ ਸਿੰਘ ਔਲਖ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਜਾਂ ਤਾਂ ਕਿਸਾਨਾਂ ਦਾ ਸਵਾਲਾਂ ਦੇ ਜਵਾਬ ਦੇਣ ਜਾਂ ਫਿਰ ਉਹ ਅਰਵਿੰਦ ਕੇਜਰੀਵਾਲ ਨੂੰ ਮਾਨਸਾ ਦੇ ਵਿਚ ਮੀਟਿੰਗ ਨਹੀਂ ਕਰਨ ਦੇਣਗੇ।