ਮੁੱਖ ਮੰਤਰੀ ਦੇ ਚਿਹਰੇ ਨੂੰ ਲੈਕੇ ਆਮ ਆਦਮੀ ਪਾਰਟੀ 'ਚ ਬਗਾਵਤ - ਆਮ ਆਦਮੀ ਪਾਰਟੀ
ਬਰਨਾਲਾ: ਆਮ ਆਦਮੀ ਪਾਰਟੀ ਦੇ ਚੱਲ ਰਹੇ ਕਾਟੋ ਕਲੇਸ਼ ਦਰਮਿਆਨ ਹੁਣ ਬਰਨਾਲਾ ਜਿਲ੍ਹੇ ਦੇ ਯੂਥ ਵਿੰਗ ਦੇ ਪ੍ਰਧਾਨ ਵਲੋਂ ਵੀ ਪਾਰਟੀ ਨੂੰ ਚੇਤਾਵਨੀ ਦਿੱਤੀ ਗਈ ਹੈ। ਪਿੰਡ ਦੀਵਾਨਾ ਦੇ ਰਹਿਣ ਵਾਲੇ ਜਿਲ੍ਹਾ ਯੂਥ ਪ੍ਰਧਾਨ ਜੋਤ ਵੜਿੰਗ ਨੇ ਆਪਣੀ ਫ਼ੇਸਬੁੱਕ ਆਈਡੀ ਤੇ ਲਾਈਵ ਹੋ ਕੇ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਨੂੰ ਸੀ.ਐਮ ਚਿਹਰਾ ਨਾ ਐਲਾਨਣ ਕਰਕੇ ਪਾਰਟੀ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ। 2017 ਦੀਆਂ ਚੋਣਾਂ ਵੇਲੇ ਇਹੀ ਨੁਕਸਾਨ ਪਾਰਟੀ ਨੂੰ ਝੱਲਣਾ ਪਿਆ। ਇਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਬਨਾਉਣ ਸਬੰਧੀ ਪਾਰਟੀ ਦੇ ਜਿਲ੍ਹਾ ਪੱਧਰ ਤੇ ਵਲੰਟੀਅਰਾਂ ਨੇ ਬਰਨਾਲਾ ਵਿੱਚ ਮੀਟਿੰਗ ਕਰਕੇ ਪਾਰਟੀ ਹਾਈਕਮਾਂਡ ਨੂੰ ਸਵਾਲ ਕੀਤੇ ਸਨ। ਪ੍ਰੰਤੂ ਅਜੇ ਤੱਕ ਪਾਰਟੀ ਨੇ ਇਸਦਾ ਕੋਈ ਜਵਾਬ ਨਹੀਂ ਦਿੱਤਾ। ਪਾਰਟੀ ਦੇ ਦੋ ਵਿਧਾਇਕ ਵੀ ਇਸੇ ਕਰਕੇ ਕਾਂਗਰਸ ਵਿੱਚ ਚਲੇ ਗਏ ਕਿ ਭਗਵੰਤ ਮਾਨ ਨੂੰ ਸੀਐਮ ਨਹੀਂ ਐਲਾਣਿਆ ਗਿਆ। ਉਹਨਾਂ ਕਿਹਾ ਕਿ ਦਿੱਲੀ ਤੋਂ ਪੰਜਾਬ ਵਿੱਚ ਬੈਠ ਕੇ ਪਾਰਟੀ ਚਲਾ ਰਹੇ ਦੋ ਵਿਅਕਤੀ ਹੀ ਪਾਰਟੀ ਦਾ ਨੁਕਸਾਨ ਕਰ ਰਹੇ ਹਨ। ਹੁਣ ਤੱਕ 50 ਦੇ ਕਰੀਬ ਹਲਕਾ ਇੰਚਾਰਜ਼ ਅਜਿਹੇ ਵਿਅਕਤੀਆਂ ਨੂੰ ਲਗਾਇਆ ਗਿਆ, ਜਿਹੜੇ ਹੋਰਨਾਂ ਪਾਰਟੀਆਂ ਤੋਂ ਆਏ ਹਨ ਅਤੇ ਪਾਰਟੀ ਵੱਲੋਂ ਵਲੰਟੀਅਰਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ। ਜਿਲ੍ਹਾ ਯੂਥ ਪ੍ਰਧਾਨ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ 10 ਦਿਨਾਂ ਵਿੱਚ ਭਗਵੰਤ ਮਾਨ ਨੂੰ ਸੀਐਮ ਚਿਹਰਾ ਨਾ ਐਲਾਣਿਆ ਤਾਂ ਮੈਂ ਅਤੇ ਮੇਰੇ ਸਾਥੀ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ੇ ਹਾਈਕਮਾਂਡ ਨੂੰ ਭੇਜਾਂਗੇ। ਇਸ ਮੌਕੇ ਪਾਰਟੀ ਦੇ ਕਿਸਾਨ ਸੈਲ ਦੇ ਮਾਲਵਾ ਆਗੂ ਬਲਦੀਪ ਸਿੰਘ ਵੀ ਹਾਜ਼ਰ ਸਨ।