ਯੂਪੀ ਵਾਪਸੀ ਤੋਂ ਪਹਿਲਾਂ ਅੰਸਾਰੀ ਦੇ ਗੁਨਾਹਾਂ ਦਾ ਕੱਚਾ ਚਿੱਠਾ ਜਨਤਕ
ਲਖਨਊ: ਮਾਫ਼ੀਆ ਡੌਨ ਮੁਖ਼ਤਾਰ ਅੰਸਾਰੀ ਦੀ ਪੰਜਾਬ ਤੋਂ ਵਾਪਸੀ ਨੂੰ ਲੈ ਕੇ ਯੂਪੀ ਦੇ ਏਡੀਜੀ ਕਾਨੂੰਨ ਵਿਵਸਥਾ ਪ੍ਰਸ਼ਾਂਤ ਕੁਮਾਰ ਨੇ ਸੋਮਵਾਰ ਅੰਸਾਰੀ ਦੇ ਗੁਨਾਹਾਂ ਦਾ ਕੱਚਾ ਚਿੱਠਾ ਜਨਤਕ ਕੀਤਾ। ਜਾਰੀ ਵੀਡੀਓ ਵਿੱਚ ਪੁਲਿਸ ਅਧਿਕਾਰੀ ਨੇ ਅੰਸਾਰੀ ਦੇ ਗੁਨਾਹਾਂ ਦੀ ਲੰਮੀ ਸੂਚੀ ਮੀਡੀਆ ਸਾਹਮਣੇ ਰੱਖੀ। ਅੰਕੜਿਆਂ ਵਿੱਚ ਪੁਲਿਸ ਅਧਿਥਾਰੀ ਨੇ ਦੱਸਿਆ ਕਿ ਅੰਸਾਰੀ 'ਤੇ ਉਤਰ ਪ੍ਰਦੇਸ਼ ਵਿੱਚ 52 ਕੇਸ ਹਨ, 15 ਵਿਚਾਰਅਧੀਨ ਕੇਸਾਂ ਵਿੱਚ ਛੇਤੀ ਸਜ਼ਾ ਦੀ ਕੋਸ਼ਿਸ਼ ਹੈ। ਅੰਸਾਰੀ ਤੇ ਉਸਦੇ ਗੈਂਗ ਦੀਆਂ 192 ਕਰੋੜ ਦੀਆਂ ਜਾਇਦਾਦਾਂ ਜ਼ਬਤ ਦੀ ਕਾਰਵਾਈ ਕੀਤੀ ਗਈ ਹੈ। ਮੁਖ਼ਤਾਰ ਗੈਂਗ ਦੇ 96 ਮੈਂਬਰ ਗ੍ਰਿਫ਼ਤਾਰ ਕੀਤੇ ਗਏ ਹਨ। 72 ਸਹਿਯੋਗੀਆਂ ਦੇ ਅਸਲਾ ਲਾਇਸੈਂਸ ਰੱਦ ਕੀਤੇ ਗਏ ਹਨ। ਗੈਂਗ ਨਾਲ ਜੁੜੇ 7 ਠੇਕੇਦਾਰਾਂ ਵਿਰੁੱਧ ਵੀ ਕਾਰਵਾਈ ਕੀਤੀ ਗਈ ਹੈ। ਫ਼ਰਜ਼ੀ ਐਂਬੂਲੈਂਸ ਮਾਮਲੇ ਵਿੱਚ ਮੁਖ਼ਤਾਰ 'ਤੇ ਬਾਰਾਬਾਂਕੀ ਵਿੱਚ ਕੇਸ ਦਰਜ ਹੋਇਆ ਹੈ।