ਦਿੱਲੀ ਚੋਣਾਂ 2020: ਚੋਣ ਪ੍ਰਚਾਰ ਦੌਰਾਨ ਬੀਬੀ ਭੱਠਲ ਨੇ ਵਿਰੋਧੀਆਂ ਨੂੰ ਲਾਏ ਰਗੜੇ - ETV India
ਦਿੱਲੀ ਚੋਣਾਂ ਲਈ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਚੋਣ ਮੈਦਾਨ 'ਚ ਪ੍ਰਚਾਰ ਲਈ ਉਤਰ ਚੁੱਕੀ ਹੈ। ਇਸ ਮੌਕੇ ਚੋਣ ਪ੍ਰਚਾਰ ਲਈ ਦਿੱਲੀ ਪਹੁੰਚੀ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਰਜਿੰਦਰ ਕੌਰ ਭੱਠਲ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ। ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਪੰਜਾਬ 'ਚ ਸਰਕਾਰ ਨੇ ਸੱਤਾ 'ਚ ਆਉਂਦੇ ਹੀ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਭਾਜਪਾ ਤੇ ਆਮ ਆਦਮੀ ਪਾਰਟੀ 'ਤੇ ਕਈ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੇਜਰੀਵਾਲ ਤਾਂ ਅੰਨਾ ਹਜ਼ਾਰੇ ਦੇ ਸਕੇ ਨਹੀਂ ਹੋਏ ਤਾਂ ਉਹ ਦਿੱਲੀ ਦੇ ਲੋਕਾਂ ਦੇ ਸਕੇ ਕਿਵੇਂ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ 2020 ਚੋਣਾਂ ਜਿੱਤਣ ਲਈ ਕੇਜਰੀਵਾਲ ਨੇ ਬੀਤੇ 4-5 ਮਹੀਨਿਆਂ 'ਚ ਲੋਕਾਂ ਲਈ ਪਾਣੀ ਤੇ ਬਿਜਲੀ ਨੂੰ ਸਸਤਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਦਿਖਾਵਾ ਹੈ ਤਾਂ ਜੋ ਉਹ ਮੁੜ ਤੋਂ ਸੱਤਾ 'ਚ ਆ ਸਕਣ। ਢੀਂਡਸਾ ਪਰਿਵਾਰ ਨੂੰ ਅਕਾਲੀ ਦਲ 'ਚੋਂ ਕੱਢੇ ਜਾਣ 'ਤੇ ਭੱਠਲ ਨੇ ਕਿਹਾ ਕਿ ਸਾਰੀ ਉਮਰ ਢੀਂਡਸਾ ਅਕਾਲੀ ਪਰਿਵਾਰ ਨਾਲ ਰਿਹਾ, ਉਨ੍ਹਾਂ ਦੇ ਸਾਰੇ ਚੰਗੇ ਮਾੜੇ ਕੰਮਾਂ 'ਚ ਉਨ੍ਹਾਂ ਦਾ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਜੱਦ ਅਕਾਲੀ ਦਲ ਦੀ ਕਿਸ਼ਤੀ ਡੁੱਬ ਰਹੀ ਹੈ, ਤਾਂ ਉਹ ਉਨ੍ਹਾਂ ਦਾ ਸਾਥ ਛੱਡ ਗਏ। ਨਵਜੋਤ ਸਿੰਘ ਸਿੱਧੂ 'ਤੇ ਬੋਲਦਿਆਂ ਭੱਠਲ ਨੇ ਕਿਹਾ ਉਨ੍ਹਾਂ ਨੂੰ ਸਿੱਧੂ ਬਾਰੇ ਜਾਣਕਾਰੀ ਨਹੀਂ ਹੈ ਅਤੇ ਉਹ ਇਸ 'ਤੇ ਕੁਝ ਨਹੀਂ ਕਹਿਣਾ ਚਾਹੁੰਦੇ।