ਖੇਤੀ ਕਾਨੂੰਨਾਂ ਖਿਲਾਫ ਧਰਨਾ ਕਿਸੇ ਨੇਤਾ ਦਾ ਨਹੀਂ ਸਗੋਂ ਕਿਸਾਨਾਂ ਦਾ ਸਾਂਝਾ ਧਰਨਾ- ਲਖਵਿੰਦਰ ਸਿੰਘ - ਕਿਸਾਨਾਂ ਦਾ ਧਰਨਾ ਦੋ-ਫਾੜ, ਹੁੰਦੇ-ਹੁੰਦੇ ਬਚਿਆ
ਸਿਰਸਾ : ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਵੱਲੋਂ ਸ਼ਹਿਰ 'ਚ ਪੱਕੇ ਧਰਨੇ ਲਗਾਏ ਜਾ ਰਹੇ ਹਨ। ਸਿਰਸਾ ਵਿੱਚ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਦਾ ਵਿਰੋਧ ਜਾਰੀ ਹੈ । ਧਰਨੇ ਦੇ ਦੌਰਾਨ ਕਿਸਾਨਾਂ ਵਿਚਾਲੇ ਆਪਸੀ ਤਾਲਮੇਲ ਨਾਂ ਹੋਣ ਦੇ ਚਲਦੇ ਕਿਸਾਨਾਂ ਦਾ ਧਰਨਾ ਦੋ-ਫਾੜ, ਹੁੰਦੇ-ਹੁੰਦੇ ਬਚਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਨੇ ਕਿਸਾਨ ਨੇਤਾ ਪ੍ਰਹਿਲਾਦ ਸਿੰਘ ਭਾਰੂਖੇੜਾ ਉੱਤੇ ਨਿਸ਼ਾਨਾ ਸਾਧਿਆ। ਉਨ੍ਹਾਂ ਆਖਿਆ ਕਿ ਪੀਲੀ ਪੱਗ ਬੰਨ ਕੇ ਕੋਈ ਭਗਤ ਸਿੰਘ ਨਹੀਂ ਬਣ ਸਕਦਾ। ਭਗਤ ਸਿੰਘ ਨੇ ਦੇਸ਼ ਲਈ ਕਈ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਕਿਸਾਨਾਂ ਦੇ ਧਰਨੇ ਦੌਰਾਨ ਹੋਏ ਵਿਵਾਦ ਨੂੰ ਲੈ ਕੇ ਕਿਹਾ ਕਿ ਕਈ ਵਾਰ ਆਪਸੀ ਮਤਭੇਦ ਹੋ ਜਾਂਦੇ ਹਨ। ਕਮੇਟੀ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਆਪਸੀ ਵਿਵਾਦ ਹੋਇਆ ਹੈ। ਵਿਵਾਦ ਨੂੰ ਲੈ ਕੇ 11 ਮੈਂਬਰੀ ਕਮੇਟੀ ਦੀ ਬੈਠਕ ਦੌਰਾਨ ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ 7ਵਾਂ ਜੱਥਾ ਧਰਨੇ 'ਤੇ ਬੈਠਾ ਤੇ ਧਰਨਾ ਅੱਗੇ ਵੀ ਜਾਰੀ ਰਹੇਗਾ। ਕਿਉਂਕਿ ਇਹ ਧਰਨਾ ਕਿਸੇ ਨੇਤਾ ਦਾ ਨਹੀਂ ਸਗੋਂ ਕਿਸਾਨਾਂ ਦਾ ਸਾਂਝਾ ਧਰਨਾ ਹੈ।