ਦਿੱਲੀ ਵਿਧਾਨ ਸਭਾ ਚੋਣਾਂ: ਦਿਵਿਆਂਗ ਅਤੇ ਬਜ਼ੁਰਗ ਘਰੋਂ ਪਾ ਸਕਣਗੇ ਵੋਟ
ਦਿੱਲੀ ਵਿਧਾਨ ਸਭਾ ਚੋਣਾਂ ਲਈ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਮੁੱਖ ਚੋਣ ਅਧਿਕਾਰੀ ਸੁਨੀਲ ਅਰੋੜਾ ਅਤੇ ਚੋਣ ਅਧਿਕਾਰੀ ਅਸ਼ੋਕ ਲਵਾਸਾ ਨੇ ਪ੍ਰੈਸ ਵਾਰਤਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦਿੱਲੀ ਵਿੱਚ ਚੋਣਾਂ 8 ਫਰਵਰੀ ਨੂੰ ਹੋਣਗੀਆਂ। ਜਦੋਂ ਕਿ ਵੋਟਾਂ ਦੀ ਗਿਣਤੀ 11 ਫਰਵਰੀ ਨੂੰ ਕੀਤੀ ਜਾਵੇਗੀ। ਦਿੱਲੀ ਵਿੱਚ ਕੁੱਲ 70 ਵਿਧਾਨ ਸਭਾ ਸੀਟਾਂ ਹਨ ਅਤੇ ਇੱਕੋ ਫੇਜ਼ ਵਿੱਚ ਚੋਣਾਂ ਮੁਕੰਮਲ ਕੀਤੀਆਂ ਜਾਣਗੀਆਂ। ਦਿੱਲੀ ਵਿੱਚ ਕਈ ਦਿਨਾਂ ਤੋਂ ਚੱਲ ਰਹੀ ਹਿੰਸਾ ਨੂੰ ਲੈ ਕੇ ਚੋਣਾਂ 'ਤੇ ਪ੍ਰਭਾਵ ਬਾਰੇ ਸੁਨੀਲ ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਚੋਣਾਂ ਬਿਨ੍ਹਾਂ ਹਿੰਸਾ ਤੋਂ ਸ਼ਾਂਤੀਪੂਰਵਕ ਮੁਕੰਮਲ ਹੋਵੇਗੀ। ਜੇਕਰ ਹਾਲਾਤ ਜ਼ਿਆਦਾ ਵਿਗੜਦੇ ਹਨ ਤਾਂ ਭਾਰਤ ਦੇ ਸੰਵਿਧਾਨ ਮੁਤਾਬਕ ਚੋਣ ਕਮਿਸ਼ਨ ਕੋਲ ਤਰੀਕਾਂ ਨੂੰ ਬਦਲਣ ਦਾ ਕਾਨੂੰਨ ਵੀ ਮੌਜੂਦ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਦਿੱਲੀ ਵਿੱਚ ਦਿਵਿਆਂਗ ਅਤੇ 80 ਸਾਲ ਤੋਂ ਉੱਪਰ ਬਜ਼ੁਰਗ ਪੋਸਟਲ ਬੈਲੇਟ ਰਾਹੀਂ ਘਰੋਂ ਵੋਟ ਪਾ ਸਕਦੇ ਹਨ। ਇਹ ਸੁਵਿਧਾ ਪਹਿਲੀ ਵਾਰ ਮੁਹੱਈਆ ਕਰਾਈ ਜਾਵੇਗੀ। ਚੋਣ ਕਮਿਸ਼ਨ ਨੇ ਇਹ ਵੀ ਸਾਫ ਕਰ ਦਿੱਤਾ ਕਿ ਆਉਣ ਵਾਲੇ ਬਜਟ ਵਿੱਚ ਭਾਰਤ ਸਰਕਾਰ ਦਿੱਲੀ ਨੂੰ ਲੈ ਕੇ ਕੋਈ ਖਾਸ ਐਲਾਨ ਨਹੀਂ ਕਰ ਸਕਦੀ। ਇਸ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਸਮਝਿਆ ਜਾਵੇਗਾ।