ਹੈਦਰਾਬਾਦ: ਹਰ ਸਾਲ 10 ਅਕਤੂਬਰ ਨੂੰ ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦੀ ਸ਼ੁਰੂਆਤ 1992 'ਚ World Federation for Mental Health ਦੀ ਪਹਿਲ 'ਤੇ ਹੋਈ ਸੀ। ਇਸ ਦਿਨ ਦਾ ਉਦੇਸ਼ ਵਿਸ਼ਵ 'ਚ ਮਾਨਸਿਕ ਸਿਹਤ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਆਸਟ੍ਰੇਲੀਆਂ ਅਤੇ ਹੋਰਨਾਂ ਕਈ ਦੇਸ਼ਾਂ 'ਚ ਮਾਨਸਿਕ ਸਿਹਤ ਜਾਂ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਮਾਨਸਿਕ ਸਿਹਤ ਹਫ਼ਤਾ ਵੀ ਮਨਾਇਆ ਜਾਂਦਾ ਹੈ।
ਵਿਸ਼ਵ ਮਾਨਸਿਕ ਸਿਹਤ ਦਿਵਸ ਦਾ ਇਤਿਹਾਸ: ਵਿਸ਼ਵ ਮਾਨਸਿਕ ਸਿਹਤ ਦਿਵਸ ਦੀ ਸ਼ੁਰੂਆਤ 10 ਅਕਤੂਬਰ 1992 ਨੂੰ World Federation for Mental Health ਦੇ ਡਿਪਟੀ ਸੈਕਟਰੀ ਜਨਰਲ ਰਿਚਰਡ ਹੰਟਰ ਦੀ ਪਹਿਲ 'ਤੇ ਕੀਤੀ ਗਈ ਸੀ। ਪਰ 1994 ਤੋਂ ਹਰ ਸਾਲ ਜਨਰਲ ਸਕੱਤਰ ਯੂਜੀਨ ਬਰੋਡੀ ਦੇ ਵਿਚਾਰ 'ਤੇ ਇਸ ਦਿਨ ਨੂੰ ਇੱਕ ਨਵੀਂ ਥੀਮ ਦੇ ਨਾਲ ਮਨਾਇਆ ਜਾਣ ਲੱਗਾ। ਪਹਿਲੀ ਵਾਰ ਇਸ ਦਿਨ ਦੀ ਥੀਮ 'ਦੁਨੀਆਂ ਭਰ 'ਚ ਮਾਨਸਿਕ ਸਿਹਤ ਸੇਵਾਵਾਂ ਦੀ ਗੁਣਵਤਾ 'ਚ ਸੁਧਾਰ' ਰੱਖਿਆ ਗਿਆ ਸੀ।