ਹੈਦਰਾਬਾਦ: ਅੰਡੇ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਇਸ 'ਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਲਈ ਪੂਰੀ ਦੁਨੀਆਂ 'ਚ ਅੰਡੇ ਲਈ ਇੱਕ ਖਾਸ ਦਿਨ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਵਿਸ਼ਵ ਅੰਡਾ ਦਿਵਸ ਕਿਹਾ ਜਾਂਦਾ ਹੈ। ਵਿਸ਼ਵ ਅੰਡਾ ਦਿਵਸ ਅਕਤੂਬਰ ਮਹੀਨੇ ਦੇ ਦੂਜੇ ਸ਼ੁੱਕਰਵਾਰ ਨੂੰ ਵਿਸ਼ਵ ਭਰ 'ਚ ਮਨਾਇਆ ਜਾਂਦਾ ਹੈ।
ਕਿਉ ਮਨਾਇਆ ਜਾਂਦਾ ਹੈ ਵਿਸ਼ਵ ਅੰਡਾ ਦਿਵਸ?: ਅੱਜ ਦੇ ਸਮੇਂ 'ਚ ਕੁਪੋਸ਼ਣ ਪੂਰੀ ਦੁਨੀਆਂ 'ਚ ਇੱਕ ਵੱਡੀ ਸਮੱਸਿਆਂ ਬਣ ਗਈ ਹੈ। ਇਸ ਸਮੱਸਿਆਂ ਨਾਲ ਲੜਨ ਲਈ ਅੰਡਾ ਫਾਇਦੇਮੰਦ ਹੋ ਸਕਦਾ ਹੈ। ਇਸ ਕਰਕੇ ਅੰਡੇ 'ਚ ਮੌਜ਼ੂਦ ਪੌਸ਼ਟਿਕ ਤੱਤਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ਵ ਅੰਡਾ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਲੋਕਾਂ ਨੂੰ ਅੰਡੇ 'ਚ ਮੌਜ਼ੂਦ ਪੌਸ਼ਟਿਕ ਤੱਤਾਂ ਤੋਂ ਸਰੀਰ ਨੂੰ ਮਿਲਣ ਵਾਲੇ ਫਾਇਦਿਆਂ ਬਾਰੇ ਦੱਸਿਆ ਜਾਂਦਾ ਹੈ। ਡਾਕਟਰਾਂ ਅਨੁਸਾਰ, ਅੰਡਾ ਬੱਚਿਆਂ ਤੋਂ ਲੈ ਕੇ ਬਜ਼ਰੁਗਾਂ ਤੱਕ ਹਰ ਉਮਰ ਦੇ ਲੋਕਾਂ ਨੂੰ ਖਾਣਾ ਚਾਹੀਦਾ ਹੈ।
ਵਿਸ਼ਵ ਅੰਡਾ ਦਿਵਸ ਦਾ ਇਤਿਹਾਸ: ਵਿਸ਼ਵ ਅੰਡਾ ਦਿਵਸ ਸਾਲ 1996 'ਚ ਪਹਿਲੀ ਵਾਰ ਮਨਾਇਆ ਗਿਆ ਸੀ। ਵਿਏਨਾ ਦੇ ਇੱਕ ਪ੍ਰੋਗਰਾਮ 'ਚ International Egg Commission ਨੇ ਵਿਸ਼ਵ ਅੰਡਾ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ। ਉਦੋ ਤੋਂ ਹਰ ਸਾਲ ਅਕਤੂਬਰ ਮਹੀਨੇ ਦੇ ਦੂਜੇ ਸ਼ੁੱਕਰਵਾਰ ਨੂੰ ਵਿਸ਼ਵ ਅੰਡਾ ਦਿਵਸ ਮਨਾਇਆ ਜਾਂਦਾ ਹੈ। ਦੁਨੀਆਂ ਭਰ ਦੇ 40 ਦੇਸ਼ਾਂ 'ਚ ਬਹੁਤ ਅਲੱਗ ਤਰੀਕੇ ਨਾਲ ਇਸ ਦਿਨ ਨੂੰ ਮਨਾਇਆ ਜਾਂਦਾ ਹੈ। ਪੂਰੀ ਦੁਨੀਆਂ ਨੂੰ ਅੰਡੇ ਦੇ ਮਹੱਤਵ ਅਤੇ ਪੌਸ਼ਟਿਕ ਤੱਤਾਂ ਬਾਰੇ ਦੱਸਣ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਂਦੇ ਹਨ। ਇਨ੍ਹਾਂ ਪ੍ਰੋਗਰਾਮਾਂ 'ਚ ਲੋਕਾਂ ਨੂੰ ਅੰਡਿਆਂ ਦੇ ਫਾਇਦਿਆਂ ਬਾਰੇ ਦੱਸਿਆਂ ਜਾਂਦਾ ਹੈ।
ਵਿਸ਼ਵ ਅੰਡਾ ਦਿਵਸ ਦਾ ਮਹੱਤਵ:ਅੰਡੇ 'ਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਅੰਡੇ 'ਚ ਕੈਲਸ਼ੀਅਮ, ਪ੍ਰੋਟੀਨ, ਵਿਟਾਮਿਨ-ਏ, ਅਮੀਨੋ ਐਸਿਡ ਅਤੇ ਗੁੱਡ ਫੈਟ ਪਾਇਆ ਜਾਂਦਾ ਹੈ। ਜਿਹੜੇ ਲੋਕ ਫਿੱਟ ਰਹਿਣਾ ਚਾਹੁੰਦੇ ਹਨ, ਉਨ੍ਹਾਂ ਲਈ ਅੰਡਾ ਖਾਣਾ ਫਾਇਦੇਮੰਦ ਹੈ। ਇਸ ਨਾਲ ਭਾਰ ਘਟ ਕਰਨ 'ਚ ਵੀ ਮਦਦ ਮਿਲਦੀ ਹੈ।