ਹੈਦਰਾਬਾਦ:ਸ਼ੂਗਰ ਇੱਕ ਗੰਭੀਰ ਬਿਮਾਰੀ ਹੈ। ਇਸ ਬਿਮਾਰੀ ਤੋਂ ਕਰੋੜਾਂ ਯੂਜ਼ਰਸ ਪੀੜਿਤ ਹਨ। ਇਸ ਲਈ ਸ਼ੂਗਰ ਵਰਗੀ ਬਿਮਾਰੀ ਤੋਂ ਬਚਾਅ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਲੋਕਾਂ ਨੂੰ ਸ਼ੂਗਰ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਗਰੂਕ ਕਰਨ ਲਈ ਹਰ ਸਾਲ 14 ਨਵੰਬਰ ਨੂੰ ਵਿਸ਼ਵ ਸ਼ੂਗਰ ਦਿਵਸ ਮਨਾਇਆ ਜਾਂਦਾ ਹੈ।
ਵਿਸ਼ਵ ਸ਼ੂਗਰ ਦਿਵਸ ਦਾ ਇਤਿਹਾਸ: ਵਿਸ਼ਵ ਸ਼ੂਗਰ ਦਿਵਸ ਦੀ ਸ਼ੁਰੂਆਤ 1991 'ਚ ਅੰਤਰਰਾਸ਼ਟਰੀ ਡਾਇਬੀਟੀਜ਼ ਫਾਊਂਡੇਸ਼ਨ ਅਤੇ ਵਿਸ਼ਵ ਸਿਹਤ ਸੰਗਠਨ ਨੇ ਕੀਤੀ ਸੀ। ਇਸ ਦਿਵਸ ਨੂੰ ਮਨਾਉਣ ਲਈ 14 ਨਵੰਬਰ ਦਾ ਦਿਨ ਚੁਣਨ ਪਿੱਛੇ ਇੱਕ ਖਾਸ ਕਾਰਨ ਹੈ। 14 ਨਵੰਬਰ ਦਾ ਦਿਨ ਇਸ ਲਈ ਚੁਣਿਆ ਗਿਆ ਕਿਉਕਿ ਇਸ ਦਿਨ ਸਰ ਫਰੈਡਰਿਕ ਬੈਂਟਿੰਗ ਦਾ ਜਨਮਦਿਨ ਹੈ। ਇਨ੍ਹਾਂ ਨੇ ਸ਼ੂਗਰ ਦੇ ਇਲਾਜ਼ ਲਈ ਇਨਸੁਲਿਨ ਦੀ ਖੋਜ 'ਚ ਅਹਿਮ ਭੂਮਿਕਾ ਨਿਭਾਈ ਸੀ। ਵਿਸ਼ਵ ਸ਼ੂਗਰ ਦਿਵਸ ਨੂੰ ਨੀਲੇ ਲੋਗੋ ਦੁਆਰਾ ਦਰਸਾਇਆ ਜਾਂਦਾ ਹੈ। ਇਸ ਚਿੰਨ ਨੂੰ ਸ਼ੂਗਰ ਦੀ ਜਾਗਰੂਕਤਾ ਦਾ ਪ੍ਰਤੀਕ ਮੰਨਿਆਂ ਜਾਂਦਾ ਹੈ।
ਵਿਸ਼ਵ ਸ਼ੂਗਰ ਦਿਵਸ 2023 ਦਾ ਥੀਮ: ਟਾਈਪ-2 ਅਤੇ ਸ਼ੂਗਰ ਨਾਲ ਜੁੜੀਆਂ ਹੋਰ ਬਿਮਾਰੀਆਂ ਤੋਂ ਬਚਾਅ ਲਈ ਇਸ ਸਾਲ ਵਿਸ਼ਵ ਸ਼ੂਗਰ ਦਿਵਸ ਦਾ ਥੀਮ 'Access to Diabetes Care' ਹੈ। ਇਸ ਥੀਮ ਰਾਹੀ ਸਾਰਿਆਂ ਨੂੰ ਇਲਾਜ਼ ਅਤੇ ਇਸ ਬਿਮਾਰੀ ਬਾਰੇ ਸਹੀ ਜਾਣਕਾਰੀ ਮਿਲ ਸਕੇ, ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਹੈ। ਇਸ ਥੀਮ ਦੀ ਮਦਦ ਨਾਲ ਸ਼ੂਗਰ ਨੂੰ ਰੋਕਣ ਅਤੇ ਇਸਦਾ ਸਹੀ ਸਮੇਂ 'ਤੇ ਇਲਾਜ਼ ਕਰਨ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵਿਸ਼ਵ ਸ਼ੂਗਰ ਦਿਵਸ ਦਾ ਮਹੱਤਵ: ਸ਼ੂਗਰ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ਵ ਸ਼ੂਗਰ ਦਿਵਸ ਮਨਾਉਣਾ ਜ਼ਰੂਰੀ ਹੈ, ਤਾਂਕਿ ਸਾਰੇ ਲੋਕਾਂ ਨੂੰ ਇਸਦੇ ਲੱਛਣ ਅਤੇ ਇਲਾਜ਼ਾਂ ਬਾਰੇ ਸਹੀ ਜਾਣਕਾਰੀ ਮਿਲ ਸਕੇ। ਇਸ ਸਮੇਂ ਲੋਕਾਂ ਕੋਲ ਸ਼ੂਗਰ ਦੀ ਬਿਮਾਰੀ ਨੂੰ ਕੰਟਰੋਲ ਕਰਨ ਲਈ ਹੈਲਥ ਕੇਅਰ ਸੁਵਿਧਾ ਹੈ ਜਾਂ ਨਹੀ, ਇਸ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ।
ਸ਼ੂਗਰ ਦੇ ਲੱਛਣ:ਟਾਈਪ-1 ਸ਼ੂਗਰ ਦੇ ਲੱਛਣ ਤਰੁੰਤ ਦਿਖਾਈ ਦੇਣ ਲੱਗਦੇ ਹਨ ਜਦਕਿ ਟਾਈਪ-2 ਸ਼ੂਗਰ ਦੇ ਲੱਛਣ ਕਈ ਦਿਨਾਂ ਬਾਅਦ ਨਜ਼ਰ ਆਉਦੇ ਹਨ। ਟਾਈਪ-2 ਦੇ ਮੁਕਾਬਲੇ ਟਾਈਪ-1 ਸ਼ੂਗਰ ਨੂੰ ਜ਼ਿਆਦਾ ਗੰਭੀਰ ਮੰਨਿਆ ਜਾਂਦਾ ਹੈ। ਸ਼ੂਗਰ ਦੇ ਕੁੱਝ ਲੱਛਣ ਹੇਠ ਲਿਖੇ ਅਨੁਸਾਰ ਹਨ:-
- ਭੁੱਖ ਅਤੇ ਥਕਾਵਟ ਹੋਣਾ ਵੀ ਸ਼ੂਗਰ ਦੇ ਲੱਛਣਾ 'ਚੋ ਇੱਕ ਹੈ।
- ਵਾਰ-ਵਾਰ ਪਿਸ਼ਾਬ ਅਤੇ ਪਿਆਸ ਲੱਗਣਾ।
- ਮੂੰਹ ਸੁੱਕਣਾ ਅਤੇ ਖੁਜਲੀ ਹੋਣਾ।
- ਨਜ਼ਰ ਕੰਮਜ਼ੋਰ ਹੋਣਾ।
- ਇੰਨਫੈਕਸ਼ਨ ਹੋਣਾ।
- ਭਾਰ ਘਟ ਹੋਣਾ।