ਹੈਦਰਾਬਾਦ: ਨੱਕ ਦੀ ਹੱਡੀ ਵਧਣ ਦੀ ਸਮੱਸਿਆ ਦੇ ਮਾਮਲੇ ਆਮ ਹੀ ਸੁਣਨ ਨੂੰ ਮਿਲਦੇ ਹਨ। ਨੱਕ ਦੀ ਹੱਡੀ ਦੇ ਵਧਣ ਦਾ ਮਤਲਬ ਇਹ ਨਹੀਂ ਹੈ ਕਿ ਪੀੜਤ ਦਾ ਨੱਕ ਲੰਬਾ ਹੋ ਜਾਂਦਾ ਹੈ ਜਾਂ ਜ਼ਿਆਦਾ ਸੁੱਜ ਜਾਂਦਾ ਹੈ। ਆਮ ਤੌਰ 'ਤੇ ਇਸ ਕਾਰਨ ਨੱਕ ਦੀ ਸ਼ਕਲ 'ਚ ਕੋਈ ਫਰਕ ਨਹੀਂ ਪੈਂਦਾ, ਪਰ ਪੀੜਤ ਵਿਅਕਤੀ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ 'ਚ ਅਕਸਰ ਜ਼ੁਕਾਮ ਜਾਂ ਐਲਰਜੀ ਅਤੇ ਜ਼ਿਆਦਾ ਘੁਰਾੜਿਆਂ ਦੇ ਨਾਲ-ਨਾਲ ਸਾਈਨਸ ਜਾਂ ਸਿਰ ਦਰਦ ਦੀ ਸਮੱਸਿਆਂ ਵੀ ਸ਼ਾਮਲ ਹੈ।
ਕੀ ਹੈ ਨੱਕ ਦੀ ਹੱਡੀ ਵਧਣ ਦੀ ਸਮੱਸਿਆਂ?: ਕੁਝ ਲੋਕਾਂ ਵਿੱਚ ਬਹੁਤ ਜ਼ਿਆਦਾ ਘੁਰਾੜਿਆਂ ਦੇ ਨਾਲ-ਨਾਲ ਨੱਕ ਬੰਦ ਹੋਣਾ ਜਾਂ ਵਾਰ-ਵਾਰ ਜ਼ੁਕਾਮ ਵਰਗੀਆਂ ਸਮੱਸਿਆਵਾਂ ਆਮ ਹੋ ਜਾਂਦੀਆਂ ਹਨ। ਟਰਬਿਨੇਟ ਹਾਈਪਰਟ੍ਰੋਫੀ ਇਸ ਦਾ ਇੱਕ ਆਮ ਕਾਰਨ ਮੰਨਿਆ ਜਾਂਦਾ ਹੈ। ਟਰਬਿਨੇਟ ਹਾਈਪਰਟ੍ਰੋਫੀ ਜਾਂ ਜਿਸਨੂੰ ਆਮ ਭਾਸ਼ਾ ਵਿੱਚ ਨੱਕ ਦੀ ਹੱਡੀ ਦਾ ਵਾਧਾ ਵੀ ਕਿਹਾ ਜਾਂਦਾ ਹੈ। ਨੱਕ ਦੀ ਹੱਡੀ ਦੇ ਵਧਣ ਦਾ ਮਤਲਬ ਇਹ ਨਹੀਂ ਹੈ ਕਿ ਨੱਕ ਦੀ ਹੱਡੀ ਦੀ ਸ਼ਕਲ ਵਿੱਚ ਕੋਈ ਬਦਲਾਅ ਆ ਰਿਹਾ ਹੈ, ਸਗੋਂ ਇਹ ਨੱਕ ਵਿੱਚ ਟਰਬਿਨੇਟ ਦੀ ਸੋਜ ਕਾਰਨ ਹੋਣ ਵਾਲੀ ਸਮੱਸਿਆ ਹੈ। ਨੱਕ ਦੇ ਅੰਦਰ ਹਵਾ ਦੇ ਰਸਤੇ ਦੀ ਸਤਹ ਨੂੰ ਟਰਬਿਨੇਟ ਕਿਹਾ ਜਾਂਦਾ ਹੈ। ਅਸਲ ਵਿੱਚ ਨੱਕ 'ਚ 3 ਜਾਂ 4 ਟਰਬੀਨੇਟ ਹੁੰਦੇ ਹਨ। ਜੋ ਸਾਹ ਨਾਲੀ ਦੇ ਉਪਰਲੇ, ਹੇਠਲੇ ਜਾਂ ਵਿਚਕਾਰਲੇ ਹਿੱਸੇ ਵਿੱਚ ਹੋ ਸਕਦੇ ਹਨ। ਜੇਕਰ ਕਦੇ-ਕਦਾਈਂ ਕਿਸੇ ਤਰ੍ਹਾਂ ਦੀ ਸੱਟ, ਇਨਫੈਕਸ਼ਨ, ਐਲਰਜੀ ਜਾਂ ਬੀਮਾਰੀ ਆਦਿ ਕਾਰਨ ਟਰਬੀਨੇਟ ਵਿੱਚ ਸੋਜ ਆਉਣ ਲੱਗ ਜਾਂਦੀ ਹੈ ਤਾਂ ਇਨ੍ਹਾਂ ਦਾ ਆਕਾਰ ਆਮ ਨਾਲੋਂ ਜ਼ਿਆਦਾ ਵਧ ਜਾਂਦਾ ਹੈ। ਖਾਸ ਤੌਰ 'ਤੇ ਜੇਕਰ ਨੱਕ ਦੇ ਵਿਚਕਾਰਲੇ ਜਾਂ ਹੇਠਲੇ ਟਰਬੀਨੇਟ ਵਿੱਚ ਸੋਜ ਵੱਧ ਜਾਂਦੀ ਹੈ ਅਤੇ ਟਰਬਿਨੇਟ ਦੀ ਸ਼ਕਲ ਬਦਲਣ ਲੱਗਦੀ ਹੈ, ਤਾਂ ਇਸ ਸਮੱਸਿਆ ਨੂੰ ਨੱਕ ਦੀ ਹੱਡੀ ਦਾ ਵਾਧਾ ਜਾਂ ਟਰਬਿਨੇਟ ਹਾਈਪਰਟ੍ਰੋਫੀ ਕਿਹਾ ਜਾਂਦਾ ਹੈ।
ਨੱਕ ਦੀ ਹੱਡੀ ਵਧਣ ਦੀ ਸਮੱਸਿਆਂ ਦੇ ਪ੍ਰਭਾਵ:ਚੰਡੀਗੜ੍ਹ ਦੇ ਨੱਕ, ਕੰਨ ਅਤੇ ਗਲੇ ਦੇ ਮਾਹਿਰ ਡਾਕਟਰ ਸੁਖਬੀਰ ਸਿੰਘ ਦੱਸਦੇ ਹਨ ਕਿ ਟਰਬਿਨੇਟ ਹਾਈਪਰਟ੍ਰੋਫੀ ਵਿੱਚ ਨੱਕ ਦੇ ਅੰਦਰ ਕਈ ਤਰ੍ਹਾਂ ਦੀਆਂ ਰੁਕਾਵਟਾਂ ਅਤੇ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਟਰਬਿਨੇਟ ਵਿੱਚ ਸੋਜ ਕਾਰਨ ਜਦੋਂ ਸਾਹ ਲੈਣ ਦਾ ਰਸਤਾ ਤੰਗ ਹੋਣ ਲੱਗਦਾ ਹੈ, ਤਾਂ ਹਵਾ ਦੇ ਪ੍ਰਵਾਹ ਵਿੱਚ ਆਮ ਤੌਰ 'ਤੇ ਸਮੱਸਿਆਵਾਂ ਹੁੰਦੀਆਂ ਹਨ। ਖਾਸ ਤੌਰ 'ਤੇ ਇਸ ਸਮੱਸਿਆ ਦਾ ਅਸਰ ਸੌਂਦੇ ਸਮੇਂ ਜ਼ਿਆਦਾ ਪਰੇਸ਼ਾਨੀ ਵਾਲਾ ਹੁੰਦਾ ਹੈ, ਜਿਸ ਕਾਰਨ ਮਰੀਜ਼ ਨੂੰ ਸਾਹ ਲੈਣ 'ਚ ਭਾਰੀਪਨ ਜਾਂ ਸੌਂਦੇ ਸਮੇਂ ਜ਼ਿਆਦਾ ਘੁਰਾੜਿਆਂ ਦੀ ਸਮੱਸਿਆ ਹੋਣ ਲੱਗਦੀ ਹੈ। ਇਸ ਤੋਂ ਇਲਾਵਾ ਲੰਬੇ ਸਮੇਂ ਤੱਕ ਜਾਂ ਬਹੁਤ ਜ਼ਿਆਦਾ ਸੋਜ ਦੇ ਕਾਰਨ ਮਰੀਜ਼ ਨੂੰ ਨੱਕ ਵਿੱਚ ਭਾਰੀਪਨ, ਬੇਅਰਾਮੀ ਜਾਂ ਆਮ ਤੌਰ 'ਤੇ ਸਾਹ ਲੈਣ ਵਿੱਚ ਮੁਸ਼ਕਲ ਮਹਿਸੂਸ ਹੋ ਸਕਦੀ ਹੈ। ਇੰਨਾ ਹੀ ਨਹੀਂ ਇਸ ਸਮੱਸਿਆ ਦੇ ਕਾਰਨ ਅਤੇ ਪ੍ਰਭਾਵ ਦੇ ਆਧਾਰ 'ਤੇ ਪੀੜਤ ਨੂੰ ਬਦਬੂ ਆਉਣ, ਵਾਰ-ਵਾਰ ਸਿਰ ਦਰਦ ਜਾਂ ਕਈ ਵਾਰ ਮਾਈਗ੍ਰੇਨ, ਸਿਰ ਅਤੇ ਨੱਕ 'ਚ ਭਾਰੀਪਨ ਅਤੇ ਕਈ ਵਾਰ ਨੱਕ 'ਚੋਂ ਹਲਕਾ ਜਿਹਾ ਖੂਨ ਵਗਣ ਦੀ ਸਮੱਸਿਆ ਵੀ ਹੋ ਸਕਦੀ ਹੈ।