ਹੈਦਰਾਬਾਦ: ਮਾਨਸੂਨ ਦਾ ਮੌਸਮ ਬਹੁਤ ਹੀ ਸੁਹਾਵਣਾ ਹੁੰਦਾ ਹੈ। ਇਹ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਰਾਹਤ ਤਾਂ ਦਿੰਦਾ ਹੈ ਪਰ ਆਪਣੇ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਲਿਆਉਂਦਾ ਹੈ। ਇਸ ਮੌਸਮ ਵਿੱਚ ਲੋਕ ਗਰਮ ਪਕੌੜਿਆਂ ਦਾ ਆਨੰਦ ਲੈਂਦੇ ਹਨ। ਜਿਸ ਨਾਲ ਮਾਨਸੂਨ ਦਾ ਮਜ਼ਾ ਹੋਰ ਦੁੱਗਣਾ ਹੋ ਜਾਂਦਾ ਹੈ। ਹਾਲਾਂਕਿ ਪਕੌੜੇ ਖਾਣ 'ਚ ਬਹੁਤ ਸੁਆਦ ਹੁੰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਇਸ ਨੂੰ ਖਾਣ ਨਾਲ ਤੁਸੀਂ ਬਿਮਾਰ ਹੋ ਸਕਦੇ ਹੋ। ਆਓ ਜਾਣਦੇ ਹਾਂ ਮਾਨਸੂਨ 'ਚ ਫਿੱਟ ਰਹਿਣ ਲਈ ਕਿਹੜੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਤੇਲਯੁਕਤ ਅਤੇ ਮਸਾਲੇਦਾਰ ਭੋਜਨ: ਲੋਕ ਮਾਨਸੂਨ ਦਾ ਆਨੰਦ ਲੈਣ ਲਈ ਤੇਲਯੁਕਤ ਅਤੇ ਮਸਾਲੇਦਾਰ ਭੋਜਨ ਖਾਣਾ ਪਸੰਦ ਕਰਦੇ ਹਨ। ਇਸ ਮੌਸਮ ਵਿੱਚ ਲੋਕ ਵੱਧ ਤੋਂ ਵੱਧ ਪਕੌੜੇ ਖਾਂਦੇ ਹਨ ਪਰ ਇਹ ਤੁਹਾਡੀ ਸਿਹਤ ਲਈ ਬਹੁਤ ਹਾਨੀਕਾਰਕ ਹਨ। ਮਾਨਸੂਨ ਦੌਰਾਨ ਇਨ੍ਹਾਂ ਤੋਂ ਬਚਣਾ ਚਾਹੀਦਾ ਹੈ। ਮੌਸਮ ਦੀ ਨਮੀ ਕਾਰਨ ਲੋਕਾਂ ਨੂੰ ਅਕਸਰ ਬਦਹਜ਼ਮੀ ਦੀ ਸਮੱਸਿਆ ਰਹਿੰਦੀ ਹੈ। ਇਸ ਲਈ ਤੁਹਾਨੂੰ ਤੇਲਯੁਕਤ ਭੋਜਨ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਭੋਜਣ ਪਕਾਉਣ ਵਾਲੇ ਤੇਲ ਦੀ ਦੁਬਾਰਾ ਵਰਤੋਂ ਕਰਨ ਤੋਂ ਵੀ ਬਚੋ। ਇਹ ਸਿਹਤ ਲਈ ਹਾਨੀਕਾਰਕ ਹੈ।
ਕੱਟੇ ਜਾਂ ਛਿੱਲੇ ਹੋਏ ਫਲ: ਬਦਲਦੇ ਮੌਸਮ ਦੌਰਾਨ ਲੋਕ ਅਕਸਰ ਠੰਡ-ਜ਼ੁਕਾਮ ਦੀ ਸਮੱਸਿਆ ਤੋਂ ਪੀੜਤ ਰਹਿੰਦੇ ਹਨ। ਅਜਿਹੇ 'ਚ ਭੋਜਨ ਦਾ ਖਾਸ ਧਿਆਨ ਰੱਖੋ। ਕਿਸੇ ਵੀ ਖਾਣ-ਪੀਣ ਵਾਲੀ ਚੀਜ਼ ਨੂੰ ਜ਼ਿਆਦਾ ਦੇਰ ਤੱਕ ਖੁੱਲ੍ਹੇ ਵਿੱਚ ਨਾ ਛੱਡੋ। ਅਜਿਹੀਆਂ ਚੀਜ਼ਾਂ ਖਾਣ ਨਾਲ ਤੁਸੀਂ ਜਲਦੀ ਬਿਮਾਰ ਹੋ ਸਕਦੇ ਹੋ। ਇਸ ਲਈ ਜੇਕਰ ਤੁਸੀਂ ਫਲਾਂ ਨੂੰ ਖਾਣ ਲੱਗੇ ਹੋ, ਤਾਂ ਇਨ੍ਹਾਂ ਫਲਾਂ ਨੂੰ ਪਹਿਲਾ ਹੀ ਕੱਟ ਕੇ ਨਾ ਰੱਖੋ ਸਗੋਂ ਖਾਂਦੇ ਸਮੇਂ ਹੀ ਫਲਾਂ ਨੂੰ ਕੱਟੋ।
ਸਟ੍ਰੀਟ ਫੂਡ: ਸਟ੍ਰੀਟ ਫੂਡ ਦੇ ਸ਼ੌਕੀਨਾਂ ਦੀ ਕੋਈ ਕਮੀ ਨਹੀਂ ਹੈ। ਜੇਕਰ ਤੁਸੀਂ ਵੀ ਇਨ੍ਹਾਂ ਲੋਕਾਂ ਨਾਲ ਸਬੰਧ ਰੱਖਦੇ ਹੋ ਤਾਂ ਮਾਨਸੂਨ ਦੇ ਮੌਸਮ 'ਚ ਇਨ੍ਹਾਂ ਸਟ੍ਰੀਟ ਫੂਡਜ਼ ਨੂੰ ਖਾਣ ਤੋਂ ਪਰਹੇਜ਼ ਕਰੋ। ਕਿਉਂਕਿ ਇਨ੍ਹਾਂ ਵਿੱਚ ਵਰਤਿਆ ਜਾਣ ਵਾਲਾ ਪਾਣੀ ਦੂਸ਼ਿਤ ਹੋ ਸਕਦਾ ਹੈ। ਜਿਸ ਨਾਲ ਇਸ ਮੌਸਮ 'ਚ ਪੇਟ ਦੀ ਇਨਫੈਕਸ਼ਨ ਹੋ ਜਾਂਦੀ ਹੈ। ਇਸ ਲਈ ਤੁਹਾਨੂੰ ਬਾਹਰ ਦਾ ਭੋਜਨ ਖਾਸ ਕਰਕੇ ਸਟ੍ਰੀਟ ਫੂਡ ਨਹੀਂ ਖਾਣਾ ਚਾਹੀਦਾ। ਤੁਸੀਂ ਚਾਹੋ ਤਾਂ ਇਨ੍ਹਾਂ ਚੀਜ਼ਾਂ ਨੂੰ ਘਰ 'ਚ ਬਣਾ ਕੇ ਮਜ਼ਾ ਲੈ ਸਕਦੇ ਹੋ।
ਮੀਂਹ ਦੇ ਮੌਸਮ ਦੌਰਾਨ ਸਬਜ਼ੀਆਂ ਨੂੰ ਇਸ ਤਰ੍ਹਾਂ ਸਾਫ਼ ਕਰਨਾ ਜ਼ਰੂਰੀ: ਮਾਨਸੂਨ ਦੌਰਾਨ ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਸਲਾਦ, ਪਾਲਕ, ਗੋਭੀ, ਫੁੱਲ ਗੋਭੀ ਆਦਿ ਖਾਣ ਤੋਂ ਪਰਹੇਜ਼ ਕਰੋ। ਇਨ੍ਹਾਂ ਹਰੀਆਂ ਸਬਜ਼ੀਆਂ ਵਿੱਚ ਕਈ ਤਰ੍ਹਾਂ ਦੇ ਬੈਕਟੀਰੀਆ ਹੁੰਦੇ ਹਨ ਜੋ ਮਾਨਸੂਨ ਵਿੱਚ ਬਿਮਾਰੀਆਂ ਦਾ ਕਾਰਨ ਬਣਦੇ ਹਨ। ਜੇਕਰ ਤੁਸੀਂ ਇਨ੍ਹਾਂ ਨੂੰ ਖਾਣਾ ਚਾਹੁੰਦੇ ਹੋ ਤਾਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ। ਤੁਸੀਂ ਇਨ੍ਹਾਂ ਨੂੰ ਨਮਕ ਵਾਲੇ ਪਾਣੀ ਵਿੱਚ ਭਿਓ ਕੇ ਫਿਰ ਵਰਤੋਂ ਕਰ ਸਕਦੇ ਹੋ।