ਹੈਦਰਾਬਾਦ: ਕਰਵਾ ਚੌਥ ਦਾ ਵਰਤ ਵਿਆਹਿਆ ਔਰਤਾਂ ਲਈ ਬਹੁਤ ਮਹੱਤਵ ਰੱਖਦਾ ਹੈ। ਇਸ ਸਾਲ ਕਰਵਾ ਚੌਥ 1 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਦਿਨ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ। ਪੂਰਾ ਦਿਨ ਭੁੱਖੇ ਰਹਿਣ ਦੇ ਕਾਰਨ ਔਰਤਾਂ ਅਕਸਰ ਕੰਮਜ਼ੋਰੀ ਮਹਿਸੂਸ ਕਰਦੀਆਂ ਹਨ। ਇਸ ਲਈ ਵਰਤ ਦੌਰਾਨ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ, ਜਿਸ ਨਾਲ ਤੁਸੀਂ ਕਰਵਾ ਚੌਥ ਦੇ ਦਿਨ ਵੀ ਊਰਜਾ ਨਾਲ ਭਰਪੂਰ ਰਹਿ ਸਕੋ।
ਕਰਵਾ ਚੌਥ ਵਾਲੇ ਦਿਨ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ:
ਤਲੇ ਹੋਏ ਭੋਜਨ ਤੋਂ ਦੂਰ ਰਹੋ: ਕਰਵਾ ਚੌਥ ਦੇ ਵਰਤ ਤੋਂ ਇੱਕ ਦਿਨ ਪਹਿਲਾ ਤਲੇ ਹੋਏ ਭੋਜਨ ਤੋਂ ਦੂਰ ਰਹੋ। ਸਰਗੀ 'ਚ ਵੀ ਜ਼ਿਆਦਾ ਤੇਲ ਅਤੇ ਮਸਾਲੇ ਵਾਲੀਆਂ ਚੀਜ਼ਾਂ ਨੂੰ ਸ਼ਾਮਲ ਨਾ ਕਰੋ। ਤਲੇ ਹੋਏ ਅਤੇ ਮਸਾਲੇ ਵਾਲਾ ਭੋਜਨ ਖਾਣ ਨਾਲ ਐਸਿਡਿਟੀ, ਉਲਟੀ ਅਤੇ ਗੈਸ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜਿਸ ਕਾਰਨ ਵਰਤ ਵਾਲੇ ਦਿਨ ਤੁਹਾਡਾ ਸਰੀਰ ਕੰਮਜ਼ੋਰੀ ਮਹਿਸੂਸ ਕਰ ਸਕਦਾ ਹੈ।
ਸਰਗੀ ਖਾਓ: ਜ਼ਿਆਦਾਤਰ ਲੋਕਾਂ ਦਾ ਸਵੇਰੇ ਕੁਝ ਖਾਣ ਨੂੰ ਮਨ ਨਹੀ ਕਰਦਾ। ਇਸ ਲਈ ਕਰਵਾ ਚੌਥ ਦੇ ਵਰਤ ਵਾਲੇ ਦਿਨ ਵੀ ਕੁਝ ਖਾਣ ਨੂੰ ਮਨ ਨਾ ਕਰਨ ਕਰਕੇ ਔਰਤਾਂ ਸਰਗੀ ਨਹੀ ਖਾਂਦੀਆਂ। ਅਜਿਹਾ ਕਰਨਾ ਤੁਹਾਡੀ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਸਰਗੀ ਨਾ ਖਾਣ ਕਰਕੇ ਸਾਰਾ ਦਿਨ ਕੰਮਜ਼ੋਰੀ ਮਹਿਸੂਸ ਹੋ ਸਕਦੀ ਹੈ। ਇਸਦੇ ਨਾਲ ਹੀ ਐਸਿਡਿਟੀ ਦੀ ਸਮੱਸਿਆਂ ਵੀ ਹੋ ਸਕਦੀ ਹੈ। ਇਸ ਲਈ ਵਰਤ ਵਾਲੇ ਦਿਨ ਸਵੇਰੇ ਸਰਗੀ ਜ਼ਰੂਰ ਖਾਓ।
ਸਰਗੀ 'ਚ ਸ਼ਾਮਲ ਕਰੋ ਇਹ ਚੀਜ਼ਾਂ:ਸਰਗੀ 'ਚ ਸਿਹਤਮੰਦ ਚੀਜ਼ਾਂ ਨੂੰ ਸ਼ਾਮਲ ਕਰਕੇ ਤੁਸੀਂ ਸਾਰਾ ਦਿਨ ਊਰਜਾਵਨ ਮਹਿਸੂਸ ਕਰ ਸਕਦੇ ਹੋ। ਇਸ ਲਈ ਸਰਗੀ 'ਚ ਮੌਸਮੀ ਫ਼ਲ ਜਿਵੇਂ ਕਿ ਸੇਬ, ਸੰਤਰਾ ਅਤੇ ਕੇਲਾ ਆਦਿ ਨੂੰ ਸ਼ਾਮਲ ਕਰੋ। ਇਸਦੇ ਨਾਲ ਹੀ ਡਰਾਈ ਫਰੂਟਸ, ਪਨੀਰ, ਨਾਰੀਅਲ ਪਾਣੀ ਅਤੇ ਖੀਰ ਨੂੰ ਆਪਣੀ ਸਰਗੀ 'ਚ ਸ਼ਾਮਲ ਕਰੋ। ਇਸ ਨਾਲ ਤੁਹਾਨੂੰ ਊਰਜਾ ਮਿਲੇਗੀ ਅਤੇ ਸਾਰਾ ਦਿਨ ਭੁੱਖ ਨਹੀਂ ਲੱਗੇਗੀ।
ਜ਼ਿਆਦਾ ਪਾਣੀ ਪੀਓ: ਕਰਵਾ ਚੌਥ ਦੇ ਵਰਤ ਦੌਰਾਨ ਸਵੇਰੇ ਸਰਗੀ ਖਾਂਦੇ ਸਮੇਂ ਭਰਪੂਰ ਮਾਤਰਾ 'ਚ ਪਾਣੀ ਪੀਓ। ਇਸ ਨਾਲ ਤੁਸੀਂ ਸਾਰਾ ਦਿਨ ਹਾਈਡ੍ਰੇਟ ਰਹੋਗੇ। ਇਸਦੇ ਨਾਲ ਹੀ ਤੁਸੀਂ ਲੱਸੀ, ਜੂਸ ਅਤੇ ਨਾਰੀਅਲ ਪਾਣੀ ਵੀ ਪੀ ਸਕਦੇ ਹੋ। ਜੇਕਰ ਤੁਸੀਂ ਸਰਗੀ ਦੌਰਾਨ ਸਵੇਰੇ ਜ਼ਿਆਦਾ ਪਾਣੀ ਪੀਂਦੇ ਹੋ, ਤਾਂ ਸਾਰਾ ਦਿਨ ਭੁੱਖੇ ਰਹਿਣ ਕਾਰਨ ਚੱਕਰ ਆਉਣ ਦੀ ਸੰਭਾਵਨਾ ਘਟ ਹੋ ਜਾਂਦੀ ਹੈ।
ਚਾਹ ਅਤੇ ਕੌਫ਼ੀ ਨਾ ਪੀਓ: ਅੱਜ ਦੇ ਸਮੇਂ 'ਚ ਲੋਕਾਂ ਨੂੰ ਸਵੇਰੇ-ਸਵੇਰੇ ਚਾਹ ਅਤੇ ਕੌਫ਼ੀ ਪੀਣਾ ਬਹੁਤ ਪਸੰਦ ਹੈ, ਪਰ ਕਰਵਾ ਚੌਥ ਦੇ ਵਰਤ ਵਾਲੇ ਦਿਨ ਚਾਹ ਅਤੇ ਕੌਫ਼ੀ ਤੋਂ ਪਰਹੇਜ਼ ਕਰੋ। ਇਸ ਕਾਰਨ ਤੁਹਾਡੇ ਸਰੀਰ 'ਚ ਪਾਣੀ ਦੀ ਕਮੀ ਹੋ ਸਕਦੀ ਹੈ। ਇਸਦੇ ਨਾਲ ਹੀ ਤੁਹਾਨੂੰ ਪਿਆਸ ਲੱਗਦੀ ਰਹੇਗੀ ਅਤੇ ਸਰੀਰ 'ਚ ਪਾਣੀ ਦੀ ਕਮੀ ਹੋਣ ਕਾਰਨ ਤੁਸੀਂ ਸਾਰਾ ਦਿਨ ਕੰਮਜ਼ੋਰੀ ਮਹਿਸੂਸ ਕਰ ਸਕਦੇ ਹੋ। ਇਸ ਲਈ ਕਰਵਾ ਚੌਥ ਦੇ ਵਰਤ ਵਾਲੇ ਦਿਨ ਚਾਹ ਅਤੇ ਕੌਫ਼ੀ ਦੀ ਜਗ੍ਹਾਂ ਜੂਸ ਜਾਂ ਨਾਰੀਅਲ ਪਾਣੀ ਪੀਓ।