ਹੈਦਰਾਬਾਦ: ਦੁਨੀਆ ਭਰ 'ਚ ਅੱਜ ਅੰਤਰਰਾਸ਼ਟਰੀ ਮਹਾਂਮਾਰੀ ਤਿਆਰੀ ਦਿਵਸ ਮਨਾਇਆ ਜਾ ਰਿਹਾ ਹੈ। ਕੋਵਿਡ -19 ਨੇ ਪੂਰੀ ਦੁਨੀਆ ਨੂੰ ਮਹਾਂਮਾਰੀ ਦੇ ਕਾਰਨ ਪੈਦਾ ਹੋਣ ਵਾਲੀਆਂ ਗੰਭੀਰ ਸਥਿਤੀਆਂ ਦਾ ਸਾਹਮਣਾ ਕਰਵਾ ਦਿੱਤਾ ਹੈ। ਪੂਰੀ ਦੁਨੀਆ ਨੇ ਕੋਵਿਡ 19 ਦੇ ਪ੍ਰਭਾਵ ਨੂੰ ਬਹੁਤ ਗੰਭੀਰ ਤਰੀਕੇ ਨਾਲ ਮਹਿਸੂਸ ਕੀਤਾ ਹੈ। ਪਰ ਇਸ ਘਟਨਾ ਨੇ ਸੰਸਥਾਵਾਂ ਅਤੇ ਲੋਕਾਂ ਨੂੰ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਮਹਾਂਮਾਰੀ ਤੋਂ ਬਚਣ ਲਈ ਅਗਾਊਂ ਤਿਆਰੀ ਕਰਨ ਲਈ ਵੀ ਪ੍ਰੇਰਿਤ ਕੀਤਾ ਹੈ।
ਕੋਵਿਡ 19 ਦੀ ਸ਼ੁਰੂਆਤ ਤੋਂ ਲੈ ਕੇ, ਇਸ ਮਹਾਂਮਾਰੀ ਦੇ ਵੱਖੋ-ਵੱਖਰੇ ਰੂਪ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੈ। ਇੰਨਾ ਹੀ ਨਹੀਂ, ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਰਹਿਣ ਵਾਲੇ ਲੋਕ ਹਮੇਸ਼ਾ ਕਈ ਮੈਡੀਕਲ ਆਫ਼ਤਾਂ ਅਤੇ ਮਹਾਂਮਾਰੀ ਦੇ ਪ੍ਰਭਾਵਾਂ ਦਾ ਸਾਹਮਣਾ ਕਰਦੇ ਰਹੇ ਹਨ। ਹਰ ਸਾਲ 27 ਦਸੰਬਰ ਨੂੰ ਨਾ ਸਿਰਫ਼ ਕੋਵਿਡ, ਬਲਕਿ ਕਿਸੇ ਵੀ ਤਰ੍ਹਾਂ ਦੀ ਮਹਾਂਮਾਰੀ ਜਾਂ ਛੂਤ ਵਾਲੀ ਬਿਮਾਰੀ ਦੇ ਪ੍ਰਕੋਪ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਨ ਅਤੇ ਇਸ ਲਈ ਖੋਜ ਅਤੇ ਸੰਬੰਧਿਤ ਪ੍ਰਣਾਲੀਆਂ ਵਿੱਚ ਨਿਵੇਸ਼ ਕਰਨ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਅੰਤਰਰਾਸ਼ਟਰੀ ਮਹਾਂਮਾਰੀ ਤਿਆਰੀ ਦਿਵਸ ਮਨਾਇਆ ਜਾਂਦਾ ਹੈ।
ਅੰਤਰਰਾਸ਼ਟਰੀ ਮਹਾਂਮਾਰੀ ਤਿਆਰੀ ਦਿਵਸ ਦਾ ਇਤਿਹਾਸ: 7 ਦਸੰਬਰ 2020 'ਚ ਸੰਯੁਕਤ ਰਾਸ਼ਟਰ ਮਹਾਸਭਾ ਨੇ ਇੱਕ ਮਤਾ ਪਾਸ ਕਰਦੇ ਹੋਏ 27 ਦਸੰਬਰ ਨੂੰ ਅੰਤਰਰਾਸ਼ਟਰੀ ਮਹਾਂਮਾਰੀ ਤਿਆਰੀ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ। ਸੰਯੁਕਤ ਰਾਸ਼ਚਰ ਮਹਾਸਭਾ ਨੇ ਮਹਾਂਮਾਰੀ ਦੀ ਰੋਕਥਾਮ ਅਤੇ ਸਹਿਯੋਗ 'ਤੇ ਜੋਰ ਦੇਣ ਲਈ ਇਸ ਦਿਨ ਦਾ ਐਲਾਨ ਕੀਤਾ ਸੀ। ਸਾਲ 2019 'ਚ ਚੀਨ ਤੋਂ ਆਏ ਇਸ ਖਤਰਨਾਕ ਵਾਈਰਸ ਨੇ ਪੂਰੀ ਦੁਨੀਆਂ 'ਚ ਹਾਹਾਕਾਰ ਮਚਾ ਦਿੱਤਾ ਸੀ। ਅਜਿਹੇ 'ਚ ਇਸ ਹਾਲਾਤ ਨੂੰ ਦੇਖਦੇ ਹੋਏ ਸਭ ਤੋਂ ਪਹਿਲਾ 27 ਦਸੰਬਰ 2020 ਨੂੰ ਅੰਤਰਰਾਸ਼ਟਰੀ ਮਹਾਂਮਾਰੀ ਤਿਆਰੀ ਦਿਵਸ ਮਨਾਇਆ ਗਿਆ।
ਅੰਤਰਰਾਸ਼ਟਰੀ ਮਹਾਂਮਾਰੀ ਤਿਆਰੀ ਦਿਵਸ ਦਾ ਉਦੇਸ਼:ਕੋਵਿਡ ਨਾਲ ਬਣੇ ਹਾਲਾਤ ਨੂੰ ਦੇਖਦੇ ਹੋਏ ਕੋਰੋਨਾ ਅਤੇ ਹੋਰ ਕਿਸੇ ਵੀ ਮਹਾਂਮਾਰੀ ਨਾਲ ਲੜਨ ਦੀ ਤਿਆਰੀ ਦੇ ਉਦੇਸ਼ ਨਾਲ ਇਸ ਦਿਨ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਦਿਨ ਦਾ ਉਦੇਸ਼ ਲੋਕਾਂ ਨੂੰ ਅਜਿਹੀ ਮਹਾਂਮਾਰੀ ਦੀ ਰੋਕਥਾਮ, ਬਚਾਅ ਅਤੇ ਇਸ ਨਾਲ ਲੜਨ ਲਈ ਜਾਗਰੂਕ ਕਰਨਾ ਹੈ। ਵਿਸ਼ਵ ਸਿਹਤ ਸੰਗਠਨ ਅਤੇ ਸੰਯੁਕਤ ਰਾਸ਼ਟਰ ਮਹਾਸਭਾ ਦੁਆਰਾ ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਸਾਰੇ ਦੇਸ਼ਾਂ ਨੂੰ ਮਹਾਂਮਾਰੀ ਤੋਂ ਬਚਾਅ ਲਈ ਪ੍ਰੇਰਿਤ ਕਰਨਾ ਹੀ ਨਹੀਂ, ਸਗੋਂ ਆਮ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨਾ ਵੀ ਹੈ।