ਕੋਵਿਡ -19 ਦੇ ਇਸ ਯੁੱਗ ਵਿੱਚ ਜਦੋਂ ਹਸਪਤਾਲਾਂ ਨੂੰ ਜਗ੍ਹਾ ਦੀ ਮਾਰ ਪੈ ਰਹੀ ਹੈ, ਡਾਕਟਰ ਕੋਰੋਨਾ ਦੇ ਘੱਟ ਲੱਛਣਾਂ ਵਾਲੇ ਮਰੀਜ਼ਾਂ ਨੂੰ ਹਸਪਤਾਲ ਦੀ ਬਜਾਏ ਘਰ ਵਿੱਚ ਕੁਆਰੰਟੀਨ ਜਾਂ ਦੂਜਿਆਂ ਤੋਂ ਵੱਖ ਰਹਿਣ ਲਈ ਉਤਸ਼ਾਹਿਤ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ ਛੋਟੇ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਇੱਕ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ। ਇੱਕ ਜਾਂ ਦੋ ਕਮਰਿਆਂ ਵਾਲਾ ਵਿਅਕਤੀ, ਖ਼ਾਸਕਰ ਫ਼ਲੈਟਾਂ ਵਿੱਚ ਰਹਿਣ ਵਾਲੇ ਨੂੰ ਕੋਰੋਨਾ ਤੋਂ ਪੀੜਤ ਪਾਇਆ ਜਾਂਦਾ ਹੈ ਤਾਂ ਆਈਸੀਐਮਆਰ ਦੁਆਰਾ ਦਿੱਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਨ੍ਹਾਂ ਲਈ ਕੁਆਰੰਟੀਨ ਜਾਂ ਵੱਖਰਾ ਰਹਿਣਾ ਸੌਖਾ ਨਹੀਂ ਹੈ।
ਹਾਲਾਂਕਿ ਕਈ ਸ਼ਹਿਰਾਂ ਵਿੱਚ ਕੋਰੋਨਾ ਪੀੜਤਾਂ ਲਈ ਵੱਖ-ਵੱਖ ਹੋਟਲਾਂ ਤੇ ਗੈਸਟ ਹਾਊਸਾਂ ਵੱਲੋਂ ਸਵੈ-ਕੁਆਰੰਟੀਨ ਹੋਣ ਦੇ ਲਈ ਲਗਭਗ 2 ਹਫ਼ਤੇ ਦੇ ਲਈ ਕਮਰਾ ਦੇਣ ਦੀ ਵਿਵਸਥਾ ਕੀਤੀ ਜਾ ਰਹੀ ਹੈ। ਜੋ ਲੋਕ ਘਰ ਵਿੱਚ ਕੁਆਰੰਟੀਨ ਹੋਣ ਵਿੱਚ ਅਸਮਰੱਥ ਹਨ ਉਹ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ, ਪਰ ਇਹ ਇੱਕ ਬਹੁਤ ਮਹਿੰਗਾ ਢੰਗ ਹੈ।
ਹੁਣ ਇਨ੍ਹਾਂ ਸਾਰੀਆਂ ਮੁਸੀਬਤਾਂ ਤੋਂ ਬਚਣ ਤੇ ਘਰ ਵਿੱਚ ਕੁਆਰੰਟੀਨ ਵਿਅਕਤੀ ਅਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਅਤੇ ਬਿਹਤਰੀ ਲਈ ਕਿਹੜੇ ਕਦਮ ਚੁੱਕੇ ਜਾ ਸਕਦੇ ਹਨ। ਈਟੀਵੀ ਭਾਰਤ ਸੁੱਖੀਭਾਵਾ ਟੀਮ ਨੇ ਇਸ ਬਾਰੇ ਵੀ ਐਨ ਐਨ ਹਸਪਤਾਲ ਦੇ ਮੈਡੀਕਲ ਸਲਾਹਕਾਰ ਡਾਕਟਰ ਰਾਜੇਸ਼ ਵੁੱਕਲਾ ਨਾਲ ਗੱਲਬਾਤ ਕੀਤੀ।
ਪੀੜਤ ਕੀ ਕਰਨ?
ਡਾ ਰਾਜੇਸ਼ ਦੱਸਦੇ ਹਨ ਕਿ ਅੱਜ-ਕੱਲ੍ਹ ਪੀਪੀਈ ਕਿੱਟ ਬਾਜ਼ਾਰ ਵਿੱਚ ਆਸਾਨੀ ਨਾਲ ਮਿਲ ਜਾਂਦੀ ਹੈ। ਜੇਕਰ ਛੋਟੇ ਜਿਹੇ ਘਰ ਵਿੱਚ ਰਹਿਣ ਵਾਲੇ ਕਿਸੇ ਵਿਅਕਤੀ ਨੂੰ ਕੁਆਰੰਟੀਨ ਹੋਣਾ ਹੈ ਤਾਂ ਜ਼ਰੂਰੀ ਹੈ ਕਿ ਉਹ ਪੀਪੀਈ ਕਿੱਟ ਪਾਵੇ। ਇਸ ਤੋਂ ਇਲਾਵਾ ਇੱਕ ਕਮਰਾ ਜਾਂ ਘਰ ਦਾ ਕੋਈ ਵੀ ਹਿੱਸਾ ਅਜਿਹਾ ਹੋਣਾ ਚਾਹੀਦਾ ਹੈ ਜਿੱਥੇ ਰੋਗੀ ਕਿੱਟ ਜਾਂ ਕੱਪੜੇ ਬਦਲ ਸਕੇ। ਇਸ ਕਮਰੇ ਵਿੱਚ ਪਰਿਵਾਰ ਦਾ ਕੋਈ ਵੀ ਮੈਂਬਰ ਨਾ ਆਵੇ ਤੇ ਕਮਰੇ ਨੂੰ ਹਰ 4 ਘੰਟੇ ਵਿੱਚ ਸੈਨੀਟਾਈਜ਼ ਕਰਨਾ ਜ਼ਰੂਰੀ ਹੈ। ਪੀਪੀਈ ਕਿੱਟ ਨੂੰ ਪਾਉਣ ਤੋਂ ਲੈ ਕੇ ਉਸ ਨੂੰ ਬਦਲਣ ਤੱਕ ਸਾਰੀ ਪ੍ਰਕਿਰਿਆ ਨੂੰ ਲੈ ਕੇ ਰੋਗੀ ਨੂੰ ਵਿਸ਼ੇਸ਼ ਧਿਆਨ ਦੇਣਾ ਹੋਵੇਗਾ, ਤਾਂਕਿ ਘਰ ਵਿੱਚ ਸੰਕਰਮਣ ਨਾ ਫ਼ੈਲੇ। ਕਮਰਾ ਜਾਂ ਜਗ੍ਹਾ ਜਿੱਥੇ ਵਿਅਕਤੀ ਕੁਆਰੰਟੀਨ ਹੈ, ਬਾਥਰੂਮ ਵੀ ਉਸਦਾ ਬਿਲਕੁਲ ਨਾਲ ਹੋਵੇ ਤਾਂ ਚੰਗੀ ਗੱਲ ਹੈ ਤਾਂਕਿ ਪੀੜਤ ਵਿਕਅਤੀ ਘਰ ਦੇ ਵੱਖ ਵੱਖ ਹਿੱਸਿਆਂ ਵਿੱਚ ਨਾ ਘੁੰਮੇ। ਰੋਗੀ ਨੂੰ ਚਾਹੀਦਾ ਹੈ ਕਿ ਉਹ ਚੰਗੀ ਨੀਂਦ ਲੈਵੇ ਤੇ ਜ਼ਿਆਦਾ ਪਾਣੀ ਪੀਵੇ। ਇਸ ਦੌਰਾਨ ਆਪਣੀ ਸਿਹਤ ਨੂੰ ਲੈ ਕੇ ਜ਼ਿਆਦਾ ਸੂਚੇਤ ਰਹੇ। ਨਾਲ ਹੀ ਕਮਰੇ ਦੇ ਸਾਰੇ ਮੇਜ਼, ਕੁਰਸੀਆਂ, ਦਰਵਾਜ਼ੇ ਤੇ ਹੋਰ ਸਾਮਾਨ ਜਿਨ੍ਹਾਂ ਨੂੰ ਮਰੀਜ਼ ਲਗਾਤਾਰ ਹੱਥ ਲਗਾਉਣਦਾ ਹੈ ਨੂੰ ਕੀਟਾਣੂਨਾਸ਼ਕ ਦੀ ਮਦਦ ਨਾਲ ਸਾਫ਼ ਕਰੋ ਜੋ ਲਾਗ ਨੂੰ ਸਾਫ਼ ਕਰ ਸਕੀਏ। ਆਪਣੇ ਸ਼ਰੀਰ ਦਾ ਤਾਪਮਾਨ ਵੱਧਣ ਜਾਂ ਸਾਹ ਲੈਣ ਸਬੰਧੀ ਕੋਈ ਵੀ ਸਮੱਸਿਆ ਆਵੇ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।