ਹੈਦਰਾਬਾਦ: ਕਰੇਲਾ ਸਵਾਦ 'ਚ ਕੜਵਾ ਹੁੰਦਾ ਹੈ, ਪਰ ਸਿਹਤ ਲਈ ਇਹ ਸਬਜ਼ੀ ਬਹੁਤ ਫਾਇਦੇਮੰਦ ਹੁੰਦੀ ਹੈ। ਕਰੇਲਾ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਫਾਸਫੋਰਸ, ਫਾਈਬਰ, ਵਿਟਾਮਿਨ-ਸੀ, ਪੋਟਾਸ਼ੀਅਮ, ਮੈਗਨੀਜ਼ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਨਾਲ ਸਰੀਰ ਕਈ ਬਿਮਾਰੀਆਂ ਤੋਂ ਬਚ ਸਕਦਾ ਹੈ। ਤੁਸੀਂ ਕਰੇਲੇ ਦਾ ਇਸਤੇਮਾਲ ਟਿੱਕੀ ਬਣਾਉਣ ਲਈ ਵੀ ਕਰ ਸਕਦੇ ਹੋ। ਇਸ ਨੂੰ ਖਾਣ ਨਾਲ ਤੁਹਾਡੇ ਸਰੀਰ ਨੂੰ ਕਈ ਫਾਇਦੇ ਮਿਲ ਸਕਦੇ ਹਨ।
ਕਰੇਲੇ ਦੀ ਟਿੱਕੀ ਖਾਣ ਦੇ ਫਾਇਦੇ:
ਭਾਰ ਘਟ ਕਰਨ 'ਚ ਕਰੇਲੇ ਦੀ ਟਿੱਕੀ ਮਦਦਗਾਰ: ਕਰੇਲੇ ਦੀ ਟਿੱਕੀ ਫਾਈਬਰ ਨਾਲ ਭਰਪੂਰ ਹੁੰਦੀ ਹੈ। ਇਸ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਇਸ ਟਿੱਕੀ ਨੂੰ ਪੈਨ 'ਚ ਫਰਾਈ ਕੀਤਾ ਜਾਂਦਾ ਹੈ, ਇਸ ਲਈ ਕਰੇਲੇ ਦੀ ਟਿੱਕੀ 'ਚ ਡੀਪ-ਫਰਾਈਡ ਸਨੈਕਸ ਦੀ ਤੁਲਨਾ ਵਿੱਚ ਘਟ ਕੈਲੋਰੀ ਅਤੇ ਫੈਟ ਹੁੰਦਾ ਹੈ। ਇਹ ਟਿੱਕੀ ਭਾਰ ਘਟ ਕਰਨ 'ਚ ਮਦਦਗਾਰ ਹੁੰਦੀ ਹੈ।
ਬਲੱਡ ਸ਼ੂਗਰ ਕੰਟਰੋਲ ਕਰਨ 'ਚ ਕਰੇਲੇ ਦੀ ਟਿੱਕੀ ਮਦਦਗਾਰ: ਸ਼ੂਗਰ ਦੇ ਮਰੀਜ਼ਾਂ ਲਈ ਵੀ ਕਰੇਲੇ ਦੀ ਟਿੱਕੀ ਫਾਇਦੇਮੰਦ ਹੁੰਦੀ ਹੈ। ਇਸ ਨਾਲ ਬਲੱਡ ਸ਼ੂਗਰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਲਈ ਕਰੇਲੇ ਦਾ ਜੂਸ ਪੀਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ। ਇਸਦੇ ਨਾਲ ਹੀ ਸ਼ੂਗਰ ਦੇ ਮਰੀਜ਼ ਕਰੇਲੇ ਦੀ ਟਿੱਕੀ ਵੀ ਖਾ ਸਕਦੇ ਹਨ। ਇਸ ਟਿੱਕੀ ਨੂੰ ਸਵਾਦ ਬਣਾਉਣ ਲਈ ਇਸ ਵਿੱਚ ਪਨੀਰ, ਬੇਸਨ ਅਤੇ ਸਬਜ਼ੀਆਂ ਮਿਲਾ ਸਕਦੇ ਹੋ।
ਐਂਟੀਆਕਸੀਡੈਂਟ ਨਾਲ ਭਰਪੂਰ ਕਰੇਲੇ ਦੀ ਟਿੱਕੀ: ਜੇਕਰ ਤੁਸੀਂ ਡਾਈਟ 'ਤੇ ਹੋ, ਤਾਂ ਵੀ ਕਰੇਲੇ ਦੀ ਟਿੱਕੀ ਖਾ ਸਕਦੇ ਹੋ। ਇਸ ਵਿੱਚ ਵਿਟਾਮਿਨ, ਖਣਿਜ ਅਤੇ ਐਂਟੀਆਕਸੀਡੈਂਟ ਭਰਪੂਰ ਹੁੰਦੇ ਹਨ। ਇਸਨੂੰ ਖਾਣ ਨਾਲ ਤੁਸੀਂ ਸਿਹਤਮੰਦ ਰਹਿੰਦੇ ਹੋ।
ਕਰੇਲੇ ਦੀ ਟਿੱਕੀ ਬਣਾਉਣ ਦਾ ਤਰੀਕਾ: ਕਰੇਲੇ ਦੀ ਟਿੱਕੀ ਬਣਾਉਣ ਲਈ ਸਭ ਤੋਂ ਪਹਿਲਾ ਕਰੇਲੇ ਨੂੰ ਚੰਗੀ ਤਰ੍ਹਾਂ ਧੋ ਲਓ ਅਤੇ ਫਿਰ ਇਸਨੂੰ ਕੱਦੂਕਸ ਕਰ ਲਓ। ਕੱਦੂਕਸ ਕੀਤੇ ਹੋਏ ਕਰੇਲੇ ਵਿੱਚ ਥੋੜ੍ਹਾ ਜਿਹਾ ਲੂਣ ਮਿਲਾਓ। ਇਸ ਤੋਂ ਬਾਅਦ ਮਿਸ਼ਰਣ 'ਚ ਮੌਜ਼ੂਦ ਵਾਧੂ ਪਾਣੀ ਨਿਚੋੜ ਲਓ। ਫਿਰ ਕਰੇਲੇ ਦੇ ਪੇਸਟ 'ਚ ਲਸਣ, ਮਿਰਚ ਅਤੇ ਸਬਜ਼ੀਆਂ ਮਿਲਾਓ। ਇਸ ਵਿੱਚ ਪਨੀਰ, ਅਜਵਾਈਨ, ਮਸਾਲੇ ਅਤੇ ਲੂਣ ਪਾਓ। ਅੰਤ ਵਿੱਚ ਬੇਸਨ ਪਾ ਲਓ। ਫਿਰ ਇਸ ਮਿਸ਼ਰਣ ਨਾਲ ਕਰੇਲੇ ਦੀ ਟਿੱਕੀ ਬਣਾ ਲਓ। ਹੁਣ ਇਸਨੂੰ ਹੌਲੀ ਗੈਸ 'ਤੇ ਰੱਖੋ ਅਤੇ ਜਦੋ ਇਹ ਭੂਰਾ ਹੋ ਜਾਵੇ, ਤਾਂ ਗੈਸ ਨੂੰ ਬੰਦ ਕਰ ਲਓ। ਇਸ ਤਰ੍ਹਾਂ ਤੁਹਾਡੀ ਕਰੇਲੇ ਦੀ ਟਿੱਕੀ ਤਿਆਰ ਹੈ।