ਹੈਦਰਾਬਾਦ: ਮਕਰ ਸੰਕ੍ਰਾਂਤੀ ਨੂੰ ਹਿੰਦੂ ਧਰਮ ਵਿੱਚ ਸਾਲ ਦਾ ਪਹਿਲਾ ਤਿਉਹਾਰ ਮੰਨਿਆ ਜਾਂਦਾ ਹੈ। ਇਹ ਤਿਓਹਾਰ ਸਰਦੀਆਂ ਦੇ ਮੌਸਮ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਤਿਲ ਅਤੇ ਗੁੜ ਤੋਂ ਬਣੇ ਲੱਡੂ, ਗੱਚਕ, ਪਕਵਾਨ ਬਣਾਉਣ, ਖਾਣ ਅਤੇ ਦਾਨ ਕਰਨ ਦੀ ਪਰੰਪਰਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਤਿਲ ਅਤੇ ਗੁੜ ਤੋਂ ਬਣੇ ਪਕਵਾਨਾਂ ਦਾ ਸੇਵਨ ਕਰਨ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਮਿਲ ਸਕਦੇ ਹਨ। ਮਾਹਿਰਾਂ ਅਤੇ ਡਾਕਟਰਾਂ ਅਨੁਸਾਰ, ਸਰਦੀਆਂ ਦੇ ਮੌਸਮ ਵਿੱਚ ਰੋਜ਼ਾਨਾ ਤਿਲ ਅਤੇ ਗੁੜ ਦਾ ਸੇਵਨ ਕਰਨ ਨਾਲ ਸਿਹਤ ਨੂੰ ਲਾਭ ਮਿਲ ਸਕਦਾ ਹੈ।
ਮਕਰ ਸੰਕ੍ਰਾਂਤੀ ਦਾ ਤਿਉਹਾਰ ਦੇਸ਼ ਦੇ ਲਗਭਗ ਸਾਰੇ ਰਾਜਾਂ ਵਿੱਚ ਵੱਖ-ਵੱਖ ਨਾਵਾਂ ਨਾਲ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦੀ ਖਾਸ ਗੱਲ ਇਹ ਹੈ ਕਿ ਭਾਵੇਂ ਇਸ ਨੂੰ ਕਈ ਥਾਵਾਂ 'ਤੇ ਤਿਲ ਸੰਕ੍ਰਾਂਤੀ, ਪੋਂਗਲ, ਉੱਤਰਾਇਣ ਅਤੇ ਕੁਝ ਥਾਵਾਂ 'ਤੇ ਖਿਚੜੀ ਸਮੇਤ ਕਈ ਨਾਵਾਂ ਨਾਲ ਮਨਾਇਆ ਜਾਂਦਾ ਹੈ, ਪਰ ਇਹ ਤਿਓਹਾਰ ਲਗਭਗ ਸਾਰੀਆਂ ਥਾਵਾਂ 'ਤੇ ਕਿਸੇ ਨਾ ਕਿਸੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਤਿਲ, ਗੁੜ, ਚੌਲਾਂ ਤੋਂ ਬਣੇ ਪਕਵਾਨ ਅਤੇ ਮਿਠਾਈਆਂ ਦਾ ਸੇਵਨ ਕੀਤਾ ਜਾਂਦਾ ਹੈ। ਹਾਲਾਂਕਿ, ਇਸ ਤਿਉਹਾਰ 'ਤੇ ਤਿਲ, ਗੁੜ ਅਤੇ ਚੌਲਾਂ ਦੀ ਵਰਤੋਂ ਨੂੰ ਧਾਰਮਿਕ ਪਰੰਪਰਾ ਦਾ ਹਿੱਸਾ ਮੰਨਿਆ ਜਾਂਦਾ ਹੈ। ਪਰ ਮਾਹਿਰਾਂ ਅਨੁਸਾਰ, ਇਹ ਪਰੰਪਰਾ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਆਯੁਰਵੈਦਿਕ ਡਾਕਟਰਾਂ ਅਤੇ ਆਹਾਰ ਵਿਗਿਆਨੀਆਂ ਦੇ ਅਨੁਸਾਰ, ਸਰਦੀਆਂ ਦੇ ਮੌਸਮ ਵਿੱਚ ਤਿਲ ਅਤੇ ਗੁੜ ਦਾ ਸੇਵਨ ਕਰਨ ਨਾਲ ਨਾ ਸਿਰਫ ਚੰਗੀ ਸਿਹਤ ਬਣਾਈ ਰੱਖੀ ਜਾ ਸਕਦੀ ਹੈ, ਸਗੋ ਕਈ ਬਿਮਾਰੀਆਂ ਤੋਂ ਆਪਣਾ ਬਚਾਅ ਕਰਨ ਵਿੱਚ ਵੀ ਮਦਦ ਮਿਲਦੀ ਹੈ।
ਆਯੁਰਵੇਦ ਕੀ ਕਹਿੰਦਾ ਹੈ?:ਡਾਕਟਰ ਰਮੇਸ਼ ਆਰੀਆ ਦਾ ਕਹਿਣਾ ਹੈ ਕਿ ਤਿਲ ਅਤੇ ਗੁੜ ਦੋਵਾਂ ਵਿੱਚ ਸਰੀਰ ਨੂੰ ਗਰਮ ਕਰਨ ਦੇ ਗੁਣ, ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਅਤੇ ਔਸ਼ਧੀ ਗੁਣ ਪਾਏ ਜਾਂਦੇ ਹਨ, ਜੋ ਨਾ ਸਿਰਫ ਸਰਦੀਆਂ ਵਿੱਚ ਸਰੀਰ ਨੂੰ ਕੁਦਰਤੀ ਤੌਰ 'ਤੇ ਗਰਮ ਰੱਖਦੇ ਹਨ, ਸਗੋ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਣ ਵਿੱਚ ਵੀ ਮਦਦ ਕਰਦੇ ਹਨ।ਡਾਕਟਰ ਦਾ ਕਹਿਣਾ ਹੈ ਕਿ ਤਿਲ ਅਤੇ ਗੁੜ ਨੂੰ ਇਕੱਠੇ ਖਾਣ ਨਾਲ ਇਨ੍ਹਾਂ ਦੇ ਫਾਇਦੇ ਹੋਰ ਵੀ ਵਧ ਜਾਂਦੇ ਹਨ। ਇਨ੍ਹਾਂ ਦਾ ਸੇਵਨ ਨਾ ਸਿਰਫ ਸਿਹਤ ਅਤੇ ਸੁੰਦਰਤਾ ਨੂੰ ਵਧਾਉਣ ਲਈ ਕੀਤਾ ਜਾਂਦਾ ਹੈ, ਸਗੋ ਸਰੀਰ ਦੇ ਮੈਟਾਬੋਲਿਜ਼ਮ ਨੂੰ ਤੇਜ਼ ਕਰਨ ਲਈ ਵੀ ਕੀਤਾ ਜਾਂਦਾ ਹੈ, ਜਿਸ ਕਾਰਨ ਨਾ ਸਿਰਫ ਜ਼ੁਕਾਮ, ਖੰਘ ਅਤੇ ਫਲੂ ਵਰਗੀਆਂ ਮੌਸਮੀ ਇਨਫੈਕਸ਼ਨਾਂ ਤੋਂ ਪ੍ਰਭਾਵਿਤ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ, ਸਗੋਂ ਕਈ ਹੋਰ ਗੰਭੀਰ ਬਿਮਾਰੀਆਂ ਦਾ ਖ਼ਤਰਾ ਵੀ ਘੱਟ ਜਾਂਦਾ ਹੈ। ਸਰਦੀਆਂ ਦੇ ਮੌਸਮ 'ਚ ਰੋਜ਼ਾਨਾ ਤਿਲ ਅਤੇ ਗੁੜ ਦਾ ਲੱਡੂ ਖਾਣਾ ਫਾਇਦੇਮੰਦ ਹੋ ਸਕਦਾ ਹੈ।