ਹੈਦਰਾਬਾਦ: ਚਾਹ ਪੀਣਾ ਹਰ ਕਿਸੇ ਨੂੰ ਪਸੰਦ ਹੈ, ਪਰ ਅੱਜ ਕੱਲ੍ਹ ਕੌਫ਼ੀ ਪੀਣ ਦਾ ਰੁਝਾਨ ਵੀ ਕਾਫ਼ੀ ਵਧ ਗਿਆ ਹੈ। ਅਕਸਰ ਕੰਮ ਕਰਨ ਵਾਲੇ ਲੋਕ ਜ਼ਿਆਦਾ ਕੌਫ਼ੀ ਪੀਂਦੇ ਹਨ। ਲੋਕ ਕੌਫ਼ੀ ਪੀਣਾ ਇਸ ਲਈ ਜ਼ਿਆਦਾ ਪਸੰਦ ਕਰਦੇ ਹਨ ਕਿਉਕਿ ਉਨ੍ਹਾਂ ਨੂੰ ਲਗਦਾ ਹੈ ਕਿ ਕੌਫ਼ੀ ਪੀਣ ਨਾਲ ਤਾਜ਼ਗੀ ਅਤੇ ਥਕਾਵਟ ਦੂਰ ਹੋ ਜਾਂਦੀ ਹੈ। ਪਰ ਕੌਫ਼ੀ ਵਿੱਚ ਕੈਫ਼ਿਨ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ, ਜਿਸ ਕਰਕੇ ਇਸਨੂੰ ਪੀਣਾ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਕੌਫ਼ੀ ਪੀਣ ਨਾਲ ਕਈ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜ਼ਿਆਦਾ ਕੌਫ਼ੀ ਪੀਣ ਦੇ ਨੁਕਸਾਨ:
ਦਸਤ ਹੋਣ ਦਾ ਖਤਰਾ: ਸਵੇਰੇ ਕੌਫ਼ੀ ਪੀਣ ਨਾਲ ਪੇਟ ਚੰਗੀ ਤਰ੍ਹਾਂ ਸਾਫ਼ ਹੁੰਦਾ ਹੈ। ਇਸ ਨਾਲ ਸਰੀਰ 'ਚ ਇਕੱਠੀ ਹੋਈ ਮੈਲ ਨੂੰ ਬਾਹਰ ਕੱਢਣ 'ਚ ਮਦਦ ਮਿਲਦੀ ਹੈ। ਪਰ ਜ਼ਿਆਦਾ ਮਾਤਰਾ 'ਚ ਕੌਫ਼ੀ ਪੀਣ ਨਾਲ ਤੁਹਾਨੂੰ ਦਸਤ ਅਤੇ ਐਸਿਡ ਰਿਫਲਕਸ ਹੋ ਸਕਦਾ ਹੈ। ਇਸਦੇ ਨਾਲ ਹੀ ਪੇਟ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜਿਸ ਵਿੱਚ ਗੈਸ, ਐਸਿਡਿਟੀ ਅਤੇ ਦਸਤ ਸ਼ਾਮਲ ਹੈ।
ਜ਼ਿਆਦਾ ਬਲੱਡ ਪ੍ਰੈਸ਼ਰ: ਕੌਫ਼ੀ ਦਿਮਾਗੀ ਪ੍ਰਣਾਲੀ ਨੂੰ ਉਤਸਾਹਿਤ ਕਰਦੀ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਵਧਦਾ ਹੈ। ਹਾਲਾਂਕਿ ਬਲੱਡ ਪ੍ਰੈਸ਼ਰ ਵਿੱਚ ਇਹ ਵਾਧਾ ਅਸਥਾਈ ਹੁੰਦਾ ਹੈ ਅਤੇ ਸਿਹਤਮੰਦ ਵਿਅਕਤੀ 'ਤੇ ਇਸਦਾ ਖਾਸ ਪ੍ਰਭਾਵ ਨਹੀਂ ਪੈਂਦਾ। ਜੋ ਲੋਕ ਜ਼ਿਆਦਾ ਬਲੱਡ ਪ੍ਰੈਸ਼ਰ ਤੋਂ ਪੀੜਿਤ ਹਨ, ਉਨ੍ਹਾਂ ਨੂੰ ਕੌਫ਼ੀਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।