ਲਖਨਊ: ਬ੍ਰੇਨ ਡੈੱਡ ਐਲਾਨੇ ਗਈ ਕੁੜੀ ਦਾ ਲੀਵਰ ਟਰਾਂਸਪਲਾਂਟ ਕਰਕੇ ਡਾਕਟਰਾਂ ਨੇ 58 ਸਾਲਾ ਮਰੀਜ਼ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ (ਕੇਜੀਐਮਯੂ) ਵਿੱਚ ਦਾਖ਼ਲ ਏਕਤਾ ਪਾਂਡੇ (18) ਨੂੰ ਸਾਹ ਲੈਣ ਵਿੱਚ ਤਕਲੀਫ਼ ਕਾਰਨ ਦੀਵਾਲੀ 'ਤੇ ਬ੍ਰੇਨ ਡੈੱਡ ਐਲਾਨ ਦਿੱਤਾ ਗਿਆ ਸੀ। ਡਾਕਟਰਾਂ ਦੇ ਕਹਿਣ 'ਤੇ ਏਕਤਾ ਦੇ ਮਾਤਾ-ਪਿਤਾ ਨੇ ਏਕਤਾ ਦੇ ਅੰਗ ਦਾਨ ਕਰਨ ਦੀ ਸਹਿਮਤੀ ਦੇ ਦਿੱਤੀ। ਕੇਜੀਐਮਯੂ ਦੇ ਡਾਕਟਰਾਂ ਨੇ ਅਣਥੱਕ ਮਿਹਨਤ ਕਰਦੇ ਹੋਏ ਏਕਤਾ ਦਾ ਲੀਵਰ ਮਰੀਜ਼ ਅਸ਼ੋਕ ਗੋਇਲ ਨੂੰ ਟਰਾਂਸਪਲਾਂਟ ਕੀਤਾ।
ਕੇਜੀਐਮਯੂ ਦੇ 40 ਤੋਂ ਵੱਧ ਸਟਾਫ ਮੈਂਬਰਾਂ ਨੇ ਇਸ ਮੁਸ਼ਕਲ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਦੀਵਾਲੀ ਦੀ ਛੁੱਟੀ ਵੀ ਨਹੀਂ ਲਈ। ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਡਾਕਟਰਾਂ ਨੇ ਜਸ਼ਨ ਮਨਾਏ। ਅੰਬੇਡਕਰ ਨਗਰ ਦੀ ਰਹਿਣ ਵਾਲੀ ਏਕਤਾ ਕੁਝ ਦਿਨਾਂ ਤੋਂ ਛਾਤੀ 'ਚ ਤੇਜ਼ ਦਰਦ ਤੋਂ ਪੀੜਤ ਸੀ। ਉਸ ਨੂੰ ਪਹਿਲਾਂ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਰਾਮ ਮਨੋਹਰ ਲੋਹੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਆਰਐਮਐਲਆਈਐਮਐਸ) ਵਿੱਚ ਰੈਫ਼ਰ ਕਰ ਦਿੱਤਾ ਗਿਆ। ਪਰ ਉੱਥੇ ਵੈਂਟੀਲੇਟਰ ਨਾ ਹੋਣ ਕਾਰਨ ਰਿਸ਼ਤੇਦਾਰਾਂ ਨੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ। ਆਰਥਿਕ ਤੰਗੀ ਕਾਰਨ ਪਰਿਵਾਰ ਨੇ 22 ਅਕਤੂਬਰ ਨੂੰ ਉਥੋਂ ਕੇਜੀਐਮਯੂ ਵਿੱਚ ਤਬਦੀਲ ਹੋ ਗਿਆ।