ਚੰਡੀਗੜ੍ਹ: ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ। ਇਹ ਗੱਲ ਸ਼ਰਾਬ ਦੀਆਂ ਬੋਤਲਾਂ 'ਤੇ ਵੀ ਲਿਖੀ ਹੁੰਦੀ ਹੈ। ਇੱਕ ਤਾਜ਼ਾ ਅਧਿਐਨ ਦਰਸਾਉਂਦਾ ਹੈ ਕਿ ਸ਼ਰਾਬ ਪੀਣ ਨਾਲ ਨਾ ਸਿਰਫ਼ ਸਾਡੇ ਅੰਦਰੂਨੀ ਅੰਗਾਂ ਨੂੰ ਨੁਕਸਾਨ ਹੁੰਦਾ ਹੈ ਸਗੋਂ ਇਹ ਮਰਦਾਂ ਅਤੇ ਔਰਤਾਂ ਵਿੱਚ ਬਾਂਝਪਨ ਦਾ ਕਾਰਨ ਵੀ ਬਣਦਾ ਹੈ ਅਤੇ ਕਈ ਮਾਮਲਿਆਂ ਵਿੱਚ ਗਰਭਪਾਤ ਵੀ ਹੋ ਜਾਂਦਾ ਹੈ। ਚੰਡੀਗੜ੍ਹ ਦੀ ਡਾਕਟਰ ਵੰਦਨਾ ਨਰੂਲਾ ਵੱਲੋਂ ਕੀਤੀ ਗਈ ਖੋਜ ਤੋਂ ਪਤਾ ਲੱਗਿਆ ਹੈ ਕਿ ਮਰਦਾਂ ਅਤੇ ਔਰਤਾਂ ਵਿੱਚ ਬਾਂਝਪਨ ਦੇ 35 ਫੀਸਦੀ ਮਾਮਲਿਆਂ ਵਿੱਚ ਸ਼ਰਾਬ ਸਭ ਤੋਂ ਵੱਡਾ ਕਾਰਨ ਹੈ।
ਜ਼ਿਆਦਾ ਸ਼ਰਾਬ ਪੀਣ ਨਾਲ ਹੋ ਸਕਦੈ ਇਹ ਨੁਕਸਾਨ: ਅੱਜ-ਕੱਲ੍ਹ ਦੁਨੀਆ ਭਰ ਦੇ ਮਰਦਾਂ ਅਤੇ ਔਰਤਾਂ ਲਈ ਸ਼ਰਾਬ ਦਾ ਸੇਵਨ ਇੱਕ ਆਮ ਆਦਤ ਹੈ ਪਰ ਸ਼ਰਾਬ ਦੇ ਜ਼ਿਆਦਾ ਸੇਵਨ ਦੇ ਕਈ ਮਾੜੇ ਪ੍ਰਭਾਵ ਹਨ। ਅਧਿਐਨ ਨੇ ਦਿਖਾਇਆ ਹੈ ਕਿ ਜ਼ਿਆਦਾ ਸ਼ਰਾਬ ਪੀਣ ਨਾਲ ਸ਼ੁਕਰਾਣੂਆਂ ਨੂੰ ਨੁਕਸਾਨ ਹੋ ਸਕਦਾ ਹੈ। ਹਫ਼ਤੇ ਵਿੱਚ 14 ਜਾਂ ਇਸ ਤੋਂ ਵੱਧ ਡ੍ਰਿੰਕ ਪੀਣ ਨਾਲ ਟੈਸਟੋਸਟੀਰੋਨ ਦਾ ਪੱਧਰ ਘੱਟ ਹੋ ਸਕਦਾ ਹੈ ਅਤੇ ਸ਼ੁਕ੍ਰਾਣੂਆਂ ਦੀ ਗਿਣਤੀ ਪ੍ਰਭਾਵਿਤ ਹੋ ਸਕਦੀ ਹੈ। ਅਲਕੋਹਲ ਸ਼ੁਕਰਾਣੂਆਂ ਦੀ ਸੰਖਿਆ, ਆਕਾਰ ਅਤੇ ਗਤੀਸ਼ੀਲਤਾ ਨੂੰ ਬਦਲ ਕੇ ਉਪਜਾਊ ਸ਼ਕਤੀ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਸ਼ਰਾਬ ਪੀਣ ਵਾਲਿਆ ਲਈ ਗਰਭ ਧਾਰਨ ਕਰਨ ਦੀ ਕੋਸ਼ਿਸ਼ ਕਰਨਾ ਵੀ ਹਾਨੀਕਾਰਕ:ਮਰਦਾਂ ਦੀ ਉਪਜਾਊ ਸ਼ਕਤੀ 'ਤੇ ਸ਼ਰਾਬ ਪੀਣ ਦੇ ਮਾੜੇ ਪ੍ਰਭਾਵਾਂ ਤੋਂ ਅਣਜਾਣ ਜੋੜਿਆਂ ਲਈ ਗਰਭ ਧਾਰਨ ਕਰਨ ਦੀ ਕੋਸ਼ਿਸ਼ ਕਰਨਾ ਇੱਕ ਵਿਨਾਸ਼ਕਾਰੀ ਅਨੁਭਵ ਹੋ ਸਕਦਾ ਹੈ। ਹਾਲ ਹੀ ਵਿੱਚ ਇੱਕ ਜੋੜੇ ਨੇ ਸੋਸ਼ਲ ਮੀਡੀਆ 'ਤੇ ਆਪਣੀ ਦਿਲ ਦਹਿਲਾ ਦੇਣ ਵਾਲੀ ਕਹਾਣੀ ਸਾਂਝੀ ਕੀਤੀ ਕਿ ਕਿਸ ਤਰ੍ਹਾਂ ਜ਼ਿਆਦਾ ਸ਼ਰਾਬ ਪੀਣ ਨਾਲ ਉਨ੍ਹਾਂ ਦੇ ਵਿਆਹ 'ਤੇ ਅਸਰ ਪਿਆ। ਇਹ ਜੋੜਾ ਪਿਛਲੇ ਕੁਝ ਸਮੇਂ ਤੋਂ ਗਰਭਵਤੀ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਆਖਰਕਾਰ ਜਦੋਂ ਉਨ੍ਹਾਂ ਨੇ ਅਜਿਹਾ ਕੀਤਾ ਤਾਂ ਉਨ੍ਹਾਂ ਦਾ ਵਾਰ-ਵਾਰ ਗਰਭਪਾਤ ਹੋ ਗਿਆ। ਟੈਸਟ ਕਰਵਾਉਣ ਤੋਂ ਬਾਅਦ ਪਤਾ ਲੱਗਾ ਕਿ ਪਤੀ ਦੇ ਸ਼ੁਕਰਾਣੂਆਂ ਦੀ ਗਿਣਤੀ ਘੱਟ ਸੀ ਅਤੇ ਜ਼ਿਆਦਾ ਸ਼ਰਾਬ ਪੀਣ ਦੀ ਸਮੱਸਿਆ ਕਾਰਨ ਉਸ ਦੇ ਸ਼ੁਕਰਾਣੂ ਦੀ ਗੁਣਵੱਤਾ ਖਰਾਬ ਸੀ। ਹਾਲਾਂਕਿ, ਡਾਕਟਰੀ ਮਾਹਰਾਂ ਨਾਲ ਸਲਾਹ ਕਰਨ ਤੋਂ ਬਾਅਦ ਉਸ ਨੂੰ ਸ਼ਰਾਬ ਦਾ ਸੇਵਨ ਘੱਟ ਕਰਨ ਦੀ ਸਲਾਹ ਦਿੱਤੀ ਗਈ। ਜਿਸ ਨਾਲ ਉਸ ਦੇ ਸ਼ੁਕਰਾਣੂਆਂ ਦੀ ਗਿਣਤੀ ਅਤੇ ਗੁਣਵੱਤਾ ਵਿੱਚ ਸੁਧਾਰ ਹੋਇਆ। ਜੋੜਾ ਆਖਰਕਾਰ ਸਫਲਤਾਪੂਰਵਕ ਗਰਭ ਧਾਰਨ ਕਰਨ ਦੇ ਯੋਗ ਸੀ।
ਘੱਟ ਸ਼ੁਕਰਾਣੂਆਂ ਦੀ ਗਿਣਤੀ ਦੇ ਮਾਮਲੇ ਵੱਧ ਰਹੇ: ਸੀਨੀਅਰ ਕੰਸਲਟੈਂਟ, ਆਈਵੀਐਫ ਅਤੇ ਬਾਂਝਪਨ ਦੀ ਡਾ: ਵੰਦਨਾ ਨਰੂਲਾ ਨੇ ਇਸ ਅਧਿਐਨ ਰਾਹੀਂ ਕਈ ਖੁਲਾਸੇ ਕੀਤੇ ਹਨ। ਜੇ ਕੋਈ ਜੋੜਾ ਸਲਾਹ ਲਈ ਉਨ੍ਹਾਂ ਕੋਲ ਪਹੁੰਚਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਆਪਣੇ ਡਾਕਟਰੀ ਇਤਿਹਾਸ ਨੂੰ ਦੇਖਦੇ ਹਨ। ਜਿਸ ਵਿਚ 40 ਤੋਂ 50 ਪ੍ਰਤੀਸ਼ਤ ਮਰੀਜ਼ਾਂ ਦੇ ਸ਼ੁਕਰਾਣੂਆਂ ਦੀ ਗਿਣਤੀ ਘੱਟ ਹੁੰਦੀ ਹੈ। ਪਿਛਲੇ 14 ਸਾਲਾਂ ਵਿੱਚ ਦੁਨੀਆ ਭਰ ਵਿੱਚ ਘੱਟ ਸ਼ੁਕਰਾਣੂਆਂ ਦੀ ਗਿਣਤੀ ਦੇ ਮਾਮਲੇ ਵੱਧ ਰਹੇ ਹਨ।