ਵਿਗਿਆਨੀਆਂ ਨੇ ਇੱਕ ਨਵੀਂ ਖੋਜ ਵਿੱਚ ਦਾਅਵਾ ਕੀਤਾ ਹੈ ਕਿ ਦੁਨੀਆ ਭਰ ਵਿੱਚ ਕੋਵਿਡ -19 ਵਿੱਚ ਹੋਈਆਂ ਮੌਤਾਂ ਵਿੱਚ 15 ਫ਼ੀਸਦੀ ਦਾ ਸਬੰਧ ਲੰਬਾ ਸਮਾਂ ਹਵਾ ਪ੍ਰਦੂਸ਼ਣ ਵਾਲੇ ਵਾਤਾਵਰਣ ਵਿੱਚ ਰਹਿਣ ਨਾਲ ਹੈ।
ਖੋਜਕਰਤਾਵਾਂ ਨੇ ਪਾਇਆ ਹੈ ਕਿ ਯੂਰਪ ਵਿੱਚ ਕੋਵਿਡ -19 ਤੋਂ ਹੋਈਆਂ 19 ਫ਼ੀਸਦੀ ਮੌਤਾਂ, ਉੱਤਰੀ ਅਮਰੀਕਾ ਵਿੱਚ ਹੋਈਆਂ ਮੌਤਾਂ ਦੀ 17 ਫ਼ੀਸਦੀ ਅਤੇ ਪੂਰਬੀ ਏਸ਼ੀਆ ਵਿੱਚ ਹੋਈਆਂ ਮੌਤਾਂ ਦਾ 27 ਫ਼ੀਸਦੀ ਹਵਾ ਪ੍ਰਦੂਸ਼ਣ ਨਾਲ ਸਬੰਧਿਤ ਹਨ। ਇਸ ਖੋਜ ਵਿੱਚ ਜਰਮਨੀ ਦੇ ਮੈਕਸ ਪਲੈਂਕ ਇੰਸਟੀਚਿਊਟ ਆਫ਼ ਕੈਮਿਸਟਰੀ ਦੇ ਖੋਜਕਰਤਾ ਵੀ ਸ਼ਾਮਿਲ ਸਨ।
‘ਕਾਰਡੀਓਵੈਸਕੁਲਰ’ ਰਸਾਲੇ ਵਿੱਚ ਪ੍ਰਕਾਸ਼ਿਤ ਇਸ ਖੋਜ ਵਿੱਚ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਅਤੇ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਵਿੱਚ ਹਵਾ ਪ੍ਰਦੂਸ਼ਣ ਦਾ ਪਤਾ ਲਗਾਇਆ ਗਿਆ।
ਖੋਜ ਕਰਨ ਵਾਲੀ ਟੀਮ ਨੇ ਕਿਹਾ ਕਿ ਕੋਵਿਡ -19 ਕਾਰਨ ਹੋਈਆਂ ਮੌਤਾਂ ਦੀ ਗਿਣਤੀ ਅਤੇ ਹਵਾ ਪ੍ਰਦੂਸ਼ਣ ਕਾਰਨ ਆਬਾਦੀ ਉੱਤੇ ਵੱਧ ਰਹੇ ਖ਼ਤਰਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ। ਖੋਜਕਰਤਾਵਾਂ ਨੇ ਕਿਹਾ ਕਿ ਕੱਢਿਆ ਗਿਆ ਅਨੁਪਾਤ ਹਵਾ ਪ੍ਰਦੂਸ਼ਣ ਅਤੇ ਕੋਵਿਡ -19 ਮੌਤ ਦਰ ਦੇ ਵਿਚਕਾਰ ਸਬੰਧ ਨੂੰ ਸਿੱਧਾ ਨਹੀਂ ਦਰਸਾਉਂਦਾ ਹੈ। ਹਾਲਾਂਕਿ, ਹਵਾ ਪ੍ਰਦੂਸ਼ਣ ਕਾਰਨ ਬੀਮਾਰੀ ਦੀ ਗੰਭੀਰਤਾ ਅਤੇ ਹੋਰ ਸਿਹਤ ਖ਼ਤਰਿਆਂ ਦੇ ਵਿਚਕਾਰ ਸਿੱਧੇ ਅਤੇ ਅਸਿੱਧੇ ਸਬੰਧ ਵੇਖੇ ਗਏ।
ਖੋਜਕਰਤਾਵਾਂ ਨੇ ਅਮਰੀਕਾ ਅਤੇ ਚੀਨ ਵਿੱਚ ਹਵਾ ਪ੍ਰਦੂਸ਼ਣ ਅਤੇ ਕੋਵਿਡ -19 ਦੇ ਸਬੰਧ ਵਿਚ ਪਹਿਲਾਂ ਕੀਤੀਆਂ ਖੋਜਾਂ ਦੀ ਵਰਤੋਂ ਕੀਤੀ। ਸਾਲ 2003 ਵਿੱਚ, ਸਾਰਸ ਬੀਮਾਰੀ ਨਾਲ ਜੁੜੇ ਡੇਟਾ ਵੀ ਇਸ ਵਿੱਚ ਵਰਤੇ ਗਏ ਹਨ।
ਖੋਜ ਟੀਮ ਨੇ ਹਵਾ ਵਿੱਚ ਪੀ.ਐੱਮ 2.5 ਵਰਗੇ ਵਧੇਰੇ ਭਰੇ ਕਣਾਂ ਦੀ ਮੌਜੂਦਗੀ ਦੇ ਸਬੰਧ ਵਿੱਚ ਇੱਕ ਮਾਡਲ ਦਾ ਵਿਸ਼ਲੇਸ਼ਣ ਕੀਤਾ।
ਮਹਾਂਮਾਰੀ ਬਾਰੇ ਅੰਕੜੇ ਜੂਨ 2020 ਦੇ ਤੀਜੇ ਹਫ਼ਤੇ ਤੱਕ ਵਰਤੇ ਗਏ ਹਨ ਅਤੇ ਖੋਜਕਰਤਾਵਾਂ ਨੇ ਕਿਹਾ ਕਿ ਮਹਾਂਮਾਰੀ ਖ਼ਤਮ ਹੋਣ ਤੋਂ ਬਾਅਦ ਇੱਕ ਵਿਆਪਕ ਵਿਸ਼ਲੇਸ਼ਣ ਦੀ ਜ਼ਰੂਰਤ ਹੋਵੇਗੀ।