ਤਰਨਤਾਰਨ: ਜ਼ਿਲ੍ਹੇ ਦੇ ਪਿੰਡ ਪਹੁਵਿੰਡ ਵਿਖੇ ਦਿਨ-ਦਿਹਾੜੇ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਅਣਪਛਾਤਿਆਂ ਵੱਲੋਂ ਗੋਲੀਆਂ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ੇਰੇ ਇਲਾਜ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸੂਚਨਾ ਮਿਲਣ 'ਤੇ ਪੁਲਿਸ ਨੇ ਹਸਪਤਾਲ ਪੁੱਜ ਕੇ ਕਾਰਵਾਈ ਆਰੰਭ ਦਿੱਤੀ ਹੈ।
ਤਰਨਤਾਰਨ 'ਚ ਦਿਨ-ਦਿਹਾੜੇ ਅਣਪਛਾਤਿਆਂ ਨੇ ਨੌਜਵਾਨ ਨੂੰ ਮਾਰੀ ਗੋਲੀ ਜਾਣਕਾਰੀ ਦਿੰਦਿਆਂ ਡੀਐੱਸਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਪੀੜਤ ਨੌਜਵਾਨ ਦੀ ਸ਼ਨਾਖਤ ਪਿੰਡ ਸਾਂਧਰਾ ਵਾਸੀ ਸ਼ਰਨਜੀਤ ਸਿੰਘ ਵੱਜੋਂ ਹੋਈ ਹੈ। ਜ਼ਖ਼ਮੀ ਨੌਜਵਾਨ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਭਿਖੀਵਿੰਡ ਸਥਿਤ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ।
ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨੌਜਵਾਨ ਮੋਟਰਸਾਈਕਲ 'ਤੇ ਕਿਸੇ ਕੰਮ ਗਿਆ ਸੀ, ਜਦੋਂ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਪਿੱਛੋਂ ਕਿਸੇ ਨੇ ਗੋਲੀ ਮਾਰ ਦਿੱਤੀ। ਨੌਜਵਾਨ ਦੇ ਖੱਬੇ ਮੋਢੇ ਵਿੱਚ ਪਿੱਛੋਂ ਗੋਲੀ ਲੱਗੀ, ਜੋ ਅਗਲੇ ਪਾਸੇ ਤੋਂ ਨਿਕਲ ਗਈ।
ਉਨ੍ਹਾਂ ਕਿਹਾ ਕਿ ਪੁਲਿਸ ਪੁੱਛਗਿੱਛ ਕਰ ਰਹੀ ਹੈ ਅਤੇ ਮੁਨੀਮ ਬਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਸ਼ਰਨਜੀਤ ਸਿੰਘ ਸਵੇਰੇ ਇਨੋਵਾ 'ਤੇ ਉਸ ਕੋਲ ਆਇਆ ਸੀ। ਉਪਰੰਤ ਉਹ ਮੋਟਰਸਾਈਕਲ ਲੈ ਕੇ ਕਿਸੇ ਕਾਗਜ਼ਾਂ ਦੀ ਫ਼ੋਟੋਸਟੇਟ ਕਰਵਾਉਣ ਦਾ ਕਹਿ ਕੇ ਗਿਆ ਸੀ।
ਉਨ੍ਹਾਂ ਕਿਹਾ ਕਿ ਅਜੇ ਨੌਜਵਾਨ ਬੇਹੋਸ਼ ਹੈ ਅਤੇ ਖਤਰੇ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਮੌਕੇ 'ਤੇ ਘਟਨਾ ਦਾ ਕੋਈ ਵੀ ਚਸ਼ਮਦੀਦ ਨਹੀਂ ਹੈ, ਇਸ ਲਈ ਜਦੋਂ ਵੀ ਪੀੜਤ ਨੂੰ ਹੋਸ਼ ਆਵੇਗਾ ਤਾਂ ਉਸਦੇ ਬਿਆਨ ਲੈ ਕੇ ਪੁਲਿਸ ਅਗਲੀ ਕਾਰਵਾਈ ਆਰੰਭ ਕਰੇਗੀ।