ਤਰਨ ਤਾਰਨ:ਪੰਜਾਬ ਦੀਆਂ ਜੇਲ੍ਹਾਂ ਪਹਿਲਾਂ ਤਾਂ ਸੁਧਾਰ ਘਰ ਵੱਜੋਂ ਜਾਣੀਆਂ ਜਾਦੀਆਂ ਸੀ, ਪਰ ਹੁਣ ਇਹਨਾਂ ਵਿੱਚ ਸੁਧਾਰ ਨਹੀਂ ਹੁੰਦਾ ਬਲਕਿ ਘਰ ਉੱਜੜਦੇ ਹਨ। ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ। ਤਾਜ਼ਾ ਮਾਮਲਾ ਤਰਨ ਤਾਰਨ ਦਾ ਹੈ, ਜਿੱਥੋਂ ਦੀ ਗੋਇੰਦਵਾਲ ਸਾਹਿਬ ਜੇਲ੍ਹ ਵਿੱਚ ਇੱਕ ਨੌਜਵਾਨ ਦੀ ਭੇਤ ਭਰੇ ਹਲਾਤਾਂ 'ਚ ਮੌਤ ਹੋ ਗਈ ਹੈ। ਨੌਜਵਾਨ ਦੀ ਮੌਤ ਕਿਵੇਂ ਹੋਈ ਇਸ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਜਗਰੂਪ ਸਿੰਘ ਦੀ ਭੈਣ ਨੇ ਦੱਸਿਆ ਕਿ ਉਸ ਦੇ ਭਰਾ ਦੀ ਕਿਸੇ ਕੁੜੀ ਨਾਲ ਦੋਸਤੀ ਸੀ ਅਤੇ ਕੁਝ ਸਮਾਂ ਪਹਿਲਾਂ ਕੁੜੀ ਉਸ ਦੇ ਭਰਾ ਨਾਲ ਗਈ ਸੀ, ਜਿਸ ਦੇ ਚੱਲਦਿਆਂ ਕੁੜੀ ਦੇ ਪਰਿਵਾਰ ਨੇ ਉਸ ਦੇ ਭਰਾ ਉੱਤੇ ਝੂਠਾ ਪਰਚਾ ਦਰਜ ਕਰਵਾ ਦਿੱਤਾ ਸੀ ਤੇ ਉਸ ਨੂੰ ਗ੍ਰਿਫ਼ਤਾਰ ਵੀ ਕਰਵਾ ਦਿੱਤਾ ਸੀ। ਮ੍ਰਿਤਕ ਦੀ ਭੈਣ ਨੇ ਇਹ ਵੀ ਇਲਜ਼ਾਮ ਲਗਾਏ ਕਿ ਜੇਲ੍ਹਾਂ ਵਿੱਚ ਸ਼ਰੇਆਮ ਨਸ਼ਾ ਵਿਕਦਾ ਹੈ ਤੇ ਉਸਦਾ ਭਰਾ ਵੀ ਨਸ਼ਾ ਕਰਦਾ ਸੀ ਅਤੇ ਨਿੱਤ ਦਿਨ ਜੇਲ੍ਹ ਵਿਚੋਂ ਫੋਨ ਕਰਕੇ ਨਸ਼ੇ ਦੀ ਪੂਰਤੀ ਲਈ ਪੈਸੇ ਮੰਗਦਾ ਸੀ।
Tarn Taran News: ਜੇਲ੍ਹ 'ਚ ਹਵਾਲਾਤੀ ਦੀ ਹੋਈ ਮੌਤ, ਪਰਿਵਾਰ ਨੇ ਪੁਲਿਸ 'ਤੇ ਲਾਏ ਗੰਭੀਰ ਇਲਜ਼ਾਮ - ਜੇਲ੍ਹ ਚ ਹਵਾਲਾਤੀ ਦੀ ਹੋਈ ਮੌਤ
ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿੱਚ ਨੌਜਵਾਨ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਉੱਤੇ ਸਵਾਲ ਖੜ੍ਹੇ ਕੀਤੇ ਹਨ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਨਸ਼ੇ ਦੇ ਸੌਦਾਗਰਾਂ ਦੇ ਕਹਿਣ 'ਤੇ ਉਹਨਾਂ ਦੇ ਪੁੱਤਰ ਨੂੰ ਜੇਲ੍ਹ ਵਿੱਚ ਮਰਵਾ ਦਿੱਤਾ ਹੈ ਤੇ ਹੁਣ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ।
ਪੁਲਿਸ ਦੀ ਨੱਕ ਹੇਠ ਜੇਲ੍ਹ ਵਿੱਚ ਵਿਕਦਾ ਹੈ ਸ਼ਰ੍ਹੇਆਮ ਨਸ਼ਾ: ਉੱਥੇ ਹੀ ਜਗਰੂਪ ਸਿੰਘ ਦੇ ਜੀਜਾ ਨੇ ਦੱਸਿਆ ਕਿ ਉਸ ਦਾ ਸਾਲ਼ਾ ਪਿਛਲੇ ਦੋ ਮਹੀਨਿਆਂ ਤੋਂ ਗੋਇੰਦਵਾਲ ਸਾਹਿਬ ਦੀ ਜੇਲ੍ਹ ਵਿੱਚ ਬੰਦ ਸੀ ਅਤੇ ਉਹ ਨਸ਼ੇ ਦਾ ਆਦੀ ਸੀ, ਜਿਸ ਕਾਰਨ ਉਹ ਜੇਲ੍ਹ ਵਿੱਚੋਂ ਫੋਨ ਕਰਕੇ ਨਸ਼ੇ ਦੀ ਪੂਰਤੀ ਲਈ ਸਾਡੇ ਤੋਂ ਪੈਸੇ ਵੀ ਮੰਗਦਾ ਸੀ। ਉਹਨਾਂ ਨੇ ਦੱਸਿਆ ਕਿ ਅਸੀਂ ਉਸ ਨੂੰ ਪੈਸੇ ਆਨਲਾਈਨ ਜਾਂ ਕਿਸੇ ਸਾਧਨ ਰਾਹੀਂ ਭੇਜ ਦਿੰਦਾ ਸੀ। ਉਹਨਾਂ ਕਿਹਾ ਕਿ ਪਰਸੋ ਜੇਲ੍ਹ ਵਿਚੋਂ ਸਾਨੂੰ ਫ਼ੋਨ ਆਇਆ ਕਿ ਜਗਰੂਪ ਨੇ ਗਲ਼ੇ ਵਿੱਚ ਫਾਹ ਲਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ ਕੀਤੀ ਹੈ, ਜਿਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਉਹਨਾਂ ਨੇ ਦੱਸਿਆ ਕਿ ਜਦੋਂ ਅਸੀਂ ਸਰਕਾਰੀ ਹਸਪਤਾਲ ਤਰਨ ਤਾਰਨ ਪਹੁੰਚੇ ਤਾਂ ਡਾਕਟਰਾਂ ਨੇ ਸਾਨੂੰ ਕਿਹਾ ਕਿ ਜਗਰੂਪ ਦੀ ਹਾਲਤ ਗੰਭੀਰ ਹੈ। ਇਸ ਲਈ ਉਹਨਾਂ ਸਾਨੂੰ ਅੰਮ੍ਰਿਤਸਰ ਦੇ ਹਸਪਤਾਲ ਭੇਜ ਦਿੱਤਾ, ਜਿੱਥੇ ਜਗਰੂਪ ਦੀ ਮੌਤ ਹੋ ਗਈ। ਉਹਨਾਂ ਨੇ ਕਿਹਾ ਕਿ ਜੇਲ੍ਹ ਦੀ ਅਧਿਕਾਰੀਆਂ ਨੇ ਸਾਡੇ ਤੋਂ ਬਹੁਤ ਕੁਝ ਲੁਕਾ ਰੱਖਿਆ ਹੈ ਤੇ ਸਾਨੂੰ ਇਨਸਾਫ ਚਾਹੀਦਾ ਹੈ।
ਉਥੇ ਹੀ ਜਦੋਂ ਇਸ ਮਾਮਲੇ ਸਬੰਧੀ ਜਦੋਂ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਕਿ ਫਿਲਹਾਲ ਮਾਮਲਾ ਜਾਂਚ ਅਧੀਨ ਹੈ ਇਸ ਲਈ ਕੁਝ ਵੀ ਨਹੀਂ ਕਿਹਾ ਜਾ ਸਕਦਾ। ਨੌਜਵਾਨ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕੇਗਾ।