ਤਰਨ ਤਾਰਨ: ਨੇੜਲੇ ਪਿੰਡ ਨੂਰਦੀ ਵਿਖੇ ਇੱਕ ਸਾਬਕਾ ਫੌਜੀ ਵੱਲੋਂ ਇੱਕ ਨੌਜਵਾਨ ਨੂੰ ਗੋਲੀ ਮਾਰ ਕੇ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਸੁਖਚੈਨ ਸਿੰਘ, ਉਮਰ 26 ਸਾਲ, ਜੋ ਕਿ ਪਿੰਡ ਵਿੱਚ ਹੀ ਮੈਡੀਕਲ ਸਟੋਰ ਦਾ ਕੰਮ ਕਰਦਾ ਸੀ। ਮ੍ਰਿਤਕ ਸੁਖਚੈਨ ਸਿੰਘ ਵਿਆਹਿਆ ਹੋਇਆ ਸੀ ਅਤੇ ਉਸ ਦਾ ਇੱਕ ਬੱਚਾ ਵੀ ਹੈ।
ਮ੍ਰਿਤਕ ਸੁਖਚੈਨ ਦੇ ਪਿਤਾ ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਇੱਕ ਸਾਬਕਾ ਫੌਜੀ ਰਹਿੰਦਾ ਹੈ, ਜੋ ਸ਼ੋਸ਼ਲ ਮੀਡੀਆ 'ਤੇ ਗ਼ਲਤ ਵੀਡੀਓ ਪਾਉਂਦਾ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਸੁਖਚੈਨ ਸਿੰਘ ਜਦੋਂ ਫੌਜੀ ਨੂੰ ਵੀਡੀਓ ਨਾ ਪਾਉਣ ਲਈ ਸਮਝਾਉਣ ਗਿਆ ਤਾਂ ਉਕਤ ਫੌਜੀ ਨੇ ਆਪਣੀ ਰਾਈਫਲ ਨਾਲ ਉਸ ਨੂੰ ਗੋਲੀਆਂ ਮਾਰ ਦਿਤੀਆਂ। ਸੁਖਚੈਨ ਨੂੰ ਤੁਰੰਤ ਤਰਨ ਤਾਰਨ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਗ਼ਲਤ ਵੀਡੀਓ ਪਾਉਣ ਤੋਂ ਰੋਕਣ 'ਤੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਮ੍ਰਿਤਕ ਦੇ ਪਿਤਾ ਨੇ ਪੁਲਿਸ ਅਧਿਕਾਰੀਆਂ ਕੋਲੋਂ ਇਨਸਾਫ ਦੀ ਮੰਗ ਕਰਦਿਆਂ ਫੌਜੀ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।
ਘਟਨਾ ਸਥਾਨ 'ਤੇ ਪਹੁੰਚੇ ਸਬ-ਇੰਸਪੈਕਟਰ ਮਨਮੋਹਨ ਸਿੰਘ ਨੇ ਕਿਹਾ ਕਿ ਪਿੰਡ ਨੂਰਦੀ ਵਿਖੇ ਸੁਖਚੈਨ ਸਿੰਘ ਨਾਮਕ ਵਿਅਕਤੀ ਨੂੰ ਪਿੰਡ ਦੇ ਰਹਿਣ ਵਾਲੇ ਇੱਕ ਸਾਬਕਾ ਫੌਜੀ ਨੇ ਗੋਲੀ ਮਾਰ ਦਿਤੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ।