ਤਰਨਤਾਰਨ: ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਘਰਿਆਲਾ ਦੀ ਦਾਣਾ ਮੰਡੀ 'ਚ ਖੁੱਲ੍ਹੇ ਅਸਮਾਨ ਹੇਠ ਬਗੈਰ ਤਰਪਾਲਾਂ ਤੋਂ ਪਈਆਂ ਢਾਈ ਲੱਖ ਕਣਕ ਦੀਆਂ ਬੋਰੀਆਂ ਦੀ ਰਾਖੀ ਕਰਦੇ ਮਜ਼ਦੂਰਾਂ ਅਤੇ ਪੱਲੇਦਾਰਾਂ ਨੇ ਇਨ੍ਹਾਂ ਬੋਰੀਆਂ ਦੀ ਲਿਫਟਿੰਗ ਨਾ ਹੋਣ ਕਾਰਨ ਮਾਰਕਿਟ ਕਮੇਟੀ ਪੱਟੀ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਇਸ ਸਬੰਧੀ ਮੰਡੀ ਵਿੱਚ ਕੰਮ ਕਰਦੇ ਪੱਲੇਦਾਰਾਂ ਨੇ ਕਿਹਾ ਕਿ ਪਨਗਰੇਨ ਵੱਲੋਂ ਕਣਕ ਦੀ ਲਗਭਗ ਤਿੰਨ ਲੱਖ ਤੋੜੇ ਦੀ ਖ਼ਰੀਦ ਕੀਤੀ ਗਈ ਸੀ। ਇਸ ਵਿੱਚੋਂ ਸਿਰਫ਼ ਪੰਜਾਹ ਹਜ਼ਾਰ ਤੋੜਾ ਹੀ ਲਿਫਟਿੰਗ ਹੋਇਆ ਹੈ ਅਤੇ ਲਗਭਗ ਇੱਕ ਤੋਂ ਡੇਢ ਮਹੀਨੇ ਦਾ ਸਮਾਂ ਹੋ ਗਿਆ ਹੈ ਕਿ ਕਣਕ ਦੀਆਂ ਬੋਰੀਆਂ ਭਰ ਕੇ ਉਨ੍ਹਾਂ ਦੇ ਦੜੇ ਲਗਾ ਕੇ ਮੰਡੀ ਵਿੱਚ ਰੱਖੇ ਹੋਏ ਹਨ।
ਉਨ੍ਹਾਂ ਕਿਹਾ ਇਸ ਦੀ ਲਿਫਟਿੰਗ ਨਾ ਹੋਣ ਕਾਰਨ ਖੁੱਲ੍ਹੇ ਅਸਮਾਨ ਹੇਠ ਕਣਕ ਦਾ ਢਾਈ ਲੱਖ ਦੇ ਕਰੀਬ ਤੋੜਾ ਪਿਆ ਹੈ ਅਤੇ ਉਹ ਦਿਨ ਰਾਤ ਇਸ ਦੀ ਰਾਖੀ ਕਰਦੇ ਕਰਦੇ ਰੋਟੀ ਤੋਂ ਵੀ ਆਤਰ ਹੁੰਦੇ ਜਾ ਰਹੇ ਹਨ ਜਿਸ ਕਾਰਨ ਮਜਬੂਰਨ ਉਨ੍ਹਾਂ ਨੂੰ ਮੰਡੀ ਬੋਰਡ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨੀ ਪਈ। ਪੱਲੇਦਾਰਾਂ ਨੇ ਪੰਜਾਬ ਸਰਕਾਰ ਅਤੇ ਮੰਡੀ ਬੋਰਡ ਨੂੰ ਚਿਤਾਵਨੀ ਦਿੱਤੀ ਕਿ ਜੇ ਕੁਝ ਦਿਨਾਂ ਵਿੱਚ ਇਹ ਕਣਕ ਦੇ ਤੋੜੇ ਨਹੀਂ ਚੁੱਕੇ ਜਾਂਦੇ ਤਾਂ ਉਹ ਅਣਮਿੱਥੇ ਸਮੇਂ ਲਈ ਪਿੰਡ ਘਰਿਆਲਾ ਦੇ ਚੌਂਕ ਵਿੱਚ ਚੱਕਾ ਜਾਮ ਕਰਨਗੇ ਜਿਸ ਦਾ ਜ਼ਿੰਮੇਵਾਰ ਸਬੰਧਤ ਪ੍ਰਸ਼ਾਸਨ ਹੋਵੇਗਾ।
ਇਸ ਸਬੰਧੀ ਪਨਗਰੇਨ ਦੇ ਇੰਸਪੈਕਟਰ ਹਰਕੀਰਤ ਸਿੰਘ ਨੇ ਦੱਸਿਆ ਕਿ ਟੈਂਡਰ ਕਾਰ ਵੱਲੋਂ ਗੱਡੀਆਂ ਪ੍ਰੋਵਾਈਡ ਨਹੀਂ ਕਰਵਾਈਆਂ ਜਾ ਰਹੀਆਂ ਜਿਸ ਕਾਰਨ ਲਿਫਟਿੰਗ ਨਹੀਂ ਹੋ ਰਹੀ ਹੈ। ਇਸ ਸਬੰਧੀ ਟੈਂਡਰ ਕਾਰ ਨੂੰ ਉਹ ਦੋ-ਤਿੰਨ ਵਾਰ ਲਿਖਤੀ ਦੇ ਚੁੱਕੇ ਹਨ ਜੇ ਇਹ ਜਲਦੀ ਗੱਡੀਆਂ ਪ੍ਰੋਵਾਈਡ ਨਹੀਂ ਕਰਵਾਉਂਦਾ ਤਾਂ ਇਸ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।