ਤਰਨ ਤਾਰਨ:ਹਿਮਾਚਲ ਦੇ ਪਹਾੜੀ ਇਲਾਕਿਆਂ 'ਚ ਲਗਾਤਾਰ ਪੈ ਰਿਹਾ ਮੀਂਹ ਮੈਦਾਨੀ ਇਲਾਕਿਆਂ ਲਈ ਮੁਸੀਬਤ ਬਣਦਾ ਜਾ ਰਿਹਾ ਹੈ। ਜਿਥੇ ਪੰਜਾਬ ਦੇ ਡੈਮਾਂ 'ਚ ਵਧਿਆ ਪਾਣੀ ਹੁਣ ਪੰਜਾਬ ਦੇ ਪਿੰਡਾਂ ਵਿੱਚ ਤਬਾਹੀ ਮਚਾ ਰਿਹਾ ਹੈ। ਜਿਸ ਦੇ ਚੱਲਦੇ ਕਈ ਥਾਵਾਂ 'ਤੇ ਲੋਕ ਘਰਾਂ ਤੋਂ ਬੇਘਰ ਤੱਕ ਹੋ ਚੁੱਕੇ ਹਨ ਅਤੇ ਆਪਣਾ ਕੀਮਤੀ ਸਮਾਨ ਅਤੇ ਮਾਲ ਡੰਗਰ ਲੈ ਕੇ ਘਰਾਂ ਤੋਂ ਨਿਕਲਣਾ ਪੈ ਰਿਹਾ ਹੈ। ਇਸ ਦੇ ਨਾਲ ਹੀ ਕਿਸਾਨਾਂ ਨੂੰ ਵੀ ਇਸ ਪਾਣੀ ਦੀ ਦੋਹਰੀ ਮਾਰ ਪਈ ਹੈ, ਕਿਉਂਕਿ ਪਿਛਲੇ ਆਏ ਹੜ੍ਹ ਨਾਲ ਫਸਲਾਂ ਨੁਕਸਾਨੀਆਂ ਗਈਆਂ ਸੀ, ਜੋ ਮੁੜ ਤੋਂ ਬਿਜਾਈ ਕਰਨ ਤੋਂ ਬਾਅਦ ਫਿਰ ਨੁਕਸਾਨੀਆਂ ਗਈਆਂ।
ਹਰੀਕੇ ਹੈਡ ਵਰਕਸ ਤੋਂ ਛੱਡਿਆ ਪਾਣੀ: ਤਸਵੀਰਾਂ ਤਰਨਤਾਰਨ ਦੇ ਇਲਾਕੇ ਦੀਆਂ ਹਨ, ਜਿਥੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਪਿੰਡ ਪਾਣੀ ਦੀ ਮਾਰ ਝੱਲ ਰਹੇ ਹਨ। ਉਥੇ ਹੀ ਦੋ ਦਰਿਆਵਾਂ ਦਾ ਸੰਗਮ ਹਰੀਕੇ ਜਿਥੇ ਸਤਲੁਜ ਅਤੇ ਬਿਆਸ ਦਰਿਆ ਦਾ ਪਾਣੀ ਇਕੱਠਾ ਹੁੰਦਾ ਹੈ। ਇਸ ਦੇ ਚੱਲਦੇ ਹਰੀਕੇ ਹੈਡ ਵਰਕਸ ਤੋਂ ਡਾਉੇਣ ਸਟਰੀਮ 'ਚ ਕਰੀਬ 2 ਲੱਖ 30 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ, ਜੋ ਅਗਲੇ ਨੀਵੇਂ ਪਿੰਡਾਂ 'ਚ ਪਾਣੀ ਮੁੜ ਤਬਾਹੀ ਮਚਾ ਰਿਹਾ ਹੈ।
ਘਰ ਛੱਡ ਕੇ ਬਾਹਰ ਰਹਿਣਾ ਪੈ ਰਿਹਾ : ਇਸ ਮੌਕੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ 'ਚ ਹੜ੍ਹ ਦਾ ਇਹ ਪਾਣੀ ਚਾਰ ਤੋਂ ਪੰਜ ਫੁੱਟ ਤੱਕ ਵੜ ਚੁੱਕਿਆ ਹੈ, ਜਿਸ ਦੇ ਚੱਲਦੇ ਉਨ੍ਹਾਂ ਦੇ ਘਰ ਡੁੱਬ ਚੁੱਕੇ ਹਨ ਅਤੇ ਉਨ੍ਹਾਂ ਨੂੰ ਘਰ ਛੱਡ ਕੇ ਬਾਹਰ ਰਹਿਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਾਤ 12 ਵਜੇ ਦੇ ਕਰੀਬ ਪਾਣੀ ਛੱਡਿਆ ਗਿਆ, ਜਿਸ ਨਾਲ ਉਨ੍ਹਾਂ ਦੀਆਂ ਫਸਲਾਂ ਖਰਾਬ ਹੋ ਚੁੱਕੀਆਂ ਹਨ ਅਤੇ ਪਸ਼ੂਆਂ ਦਾ ਚਾਰਾ ਤੱਕ ਨਹੀਂ ਬਚਿਆ।