ਪਿੰਡ ਡੱਲ ਦੇ ਖੇਤਾਂ 'ਚ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਡਰੋਨ ਬਰਾਮਦ ਤਰਨਤਾਰਨ:ਪਾਕਿਸਤਾਨ ਵੱਲੋਂ ਲਗਾਤਾਰ ਡਰੋਨਾਂ ਰਾਹੀਂ ਪੰਜਾਬ 'ਚ ਨਸ਼ੇ ਦੀ ਖੇਪ ਭੇਜੀ ਜਾ ਰਹੀ ਹੈ, ਪਰ ਪੰਜਾਬ ਪੁਲਿਸ ਅਤੇ ਬੀ.ਐੱਸ.ਐੱਫ਼. ਦੇ ਸਾਂਝੇ ਆਪਰੇਸ਼ਨ ਰਹੀਂ ਪਾਕਿਸਤਾਨ ਦੀ ਹਰ ਇੱਕ ਕੋਸ਼ਿਸ਼ ਨੂੰ ਨਕਾਮ ਕੀਤਾ ਜਾ ਰਿਹਾ। ਅਜਿਹਾ ਹੀ ਇੱਕ ਮਾਮਲਾ ਪਿੰਡ ਡੱਲ ਤੋਂ ਸਾਹਮਣੇ ਆਇਆ, ਜਿੱਥੇ ਇੱਕ ਬੱਚੇ ਵੱਲੋਂ ਇੱਕ ਅਜੀਬ ਚੀਜ਼ ਦੇਖੀ ਗਈ ਅਤੇ ਉਸ ਨੇ ਆਪਣੇ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ।
ਬੱਚੇ ਦੇ ਪਰਿਵਾਰ ਨੇ ਪੁਲਿਸ ਨੂੰ ਕੀਤਾ ਸੂਚਿਤ:ਕਾਬਲੇਜ਼ਿਕਰ ਹੈ ਕਿ ਜਦੋਂ ਛੋਟੇ ਬੱਚੇ ਨੇ ਖੇਤਾਂ 'ਚ ਇੱਕ ਲਾਈਟ ਜੱਗਦੀ ਦੇਖੀ, ਤਾਂ ਉਸ ਨੇ ਆਪਣੇ ਪਰਿਵਾਰ ਨੂੰ ਦੱਸਿਆ ਅਤੇ ਪਰਿਵਾਰ ਵੱਲੋਂ ਬੀਐਸਐਫ਼ ਨੂੰ ਦੱਸਿਆ ਗਿਆ। ਜਿਸ ਮਗਰੋਂ ਪੰਜਾਬ ਪੁਲਿਸ ਅਤੇ ਬੀਐਸਐਫ ਦੀ 103 ਬਟਾਲੀਅਨ ਦੇ ਸਰਚ ਆਪ੍ਰੇਸ਼ਨ ਦੌਰਾਨ ਭਾਰਤ ਪਾਕਿ ਸਰਹੱਦ ਤੋਂ 2.7 ਕਿਲੋਮੀਟਰ ਦੂਰ ਡਰੋਨ ਬਰਾਮਦ ਕੀਤਾ ਗਿਆ।
ਡੀਐਸਪ ਦਾ ਬਿਆਨ: ਇਸ ਬਾਰੇ ਜਾਣਕਾਰੀ ਦਿੰਦਿਆਂ ਡੀਐਸਪੀ ਪ੍ਰੀਤਇੰਦਰ ਨੇ ਦੱਸਿਆ ਕਿ ਛੋਟੇ ਬੱਚੇ ਰਜਿੰਦਰ ਸਿੰਘ ਨੇ ਆਪਣੇ ਖੇਤਾਂ ਵਿੱਚ ਇੱਕ ਲਾਈਟ ਜੱਗ ਦੀ ਦੇਖ ਆਪਣੇ ਪਿਤਾ ਸਤਨਾਮ ਸਿੰਘ ਨੂੰ ਦੱਸਿਆ ਉਨ੍ਹਾਂ ਨੇ ਤੁਰੰਤ ਸੂਚਣਾ ਥਾਣਾ ਖਾਲੜਾ ਨੂੰ ਦਿਤੀ। ਪੰਜਾਬ ਪੁਲਿਸ ਅਤੇ ਬੀਐਸਐਫ ਨੂੰ ਪਿੰਡ ਡੱਲ ਦੇ ਖੇਤਾਂ ਵਿੱਚ ਸਰਚ ਕਰਨ 'ਤੇ ਖੇਤਾਂ ਵਿੱਚੋਂ ਚੀਨ 'ਚ ਬਣਿਆ ਇੱਕ ਡਰੋਨ ਡੀਜੀ ਕਵਾਡਕਾਪਟਰ ਬਰਾਮਦ ਹੋਇਆ। ਪੁਲਿਸ ਅਤੇ ਬੀਐਸਐਫ ਲਗਾਤਾਰ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਲਈ ਸਰਚ ਆਪਰੇਸ਼ਨ ਕਰ ਰਹੇ ਹਨ। ਪੁਲਿਸ ਇਸ ਮਾਮਲੇ 'ਚ ਅਸਲ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਇਸ ਸਬੰਧੀ ਮੁਕੱਦਮਾ ਨੰਬਰ 150 ਮਿਤੀ 07/12/23 ਅਧੀਨ 10,11,12 ਏਅਰਕ੍ਰਾਫਟ ਐਕਟ ਪੀ.ਐਸ ਖਾਲੜਾ ਬੀ.ਐਸ.ਐਫ ਦੀ ਸੂਚਨਾ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਦਰਜ ਕੀਤਾ ਗਿਆ ਹੈ।
ਦੱਸ ਦਈਏ ਕਿ ਬੀਤੇ ਦਿਨ ਹੀ, ਅਟਾਰੀ ਬਾਰਡਰ ਨੇੜੇ ਪੈਂਦੇ ਸਰਹੱਦੀ ਪਿੰਡ ਰਾਣੀਆ ਦੇ ਖੇਤਾਂ ਵਿੱਚੋਂ ਪੁਲਿਸ ਅਤੇ ਬਾਰਡਰ ਸਿਕਿਓਰਿਟੀ ਫੋਰਸ ਦੇ ਪੰਜਾਬ ਫਰੰਟ ਨੇ 400 ਗ੍ਰਾਮ ਹੈਰੋਇਨ ਦੀ ਖੇਪ ਸਰਚ ਆਪ੍ਰੇਸ਼ਨ ਦੌਰਾਨ ਬਰਾਮਦ ਕੀਤੀ ਸੀ। ਇਸ ਦੀ ਕੌਮਾਂਤਰੀ ਬਜ਼ਾਰ ਵਿੱਚ ਲਗਭਗ 3 ਕਰੋੜ ਰੁਪਏ ਦੱਸੀ ਗਈ। ਬੀਐਸਐਫ ਨੇ ਦੱਸਿਆ ਕਿ ਸਰਹੱਦ ਦੇ ਦੂਜੇ ਪਾਸਿਓਂ ਆਇਆ ਇੱਕ ਡਰੋਨ ਹੈਰੋਇਨ ਦੀ ਖੇਪ ਨੂੰ ਭਾਰਤੀ ਸਰਹੱਦ ਦੇ ਪਾਰ ਸੁੱਟ ਕੇ ਵਾਪਸ ਪਰਤ ਗਿਆ।