ਤਰਨ ਤਾਰਨ: ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜ਼ਹਿਰੀਲੀ ਸ਼ਰਾਬ ਨਾਲ 100 ਤੋਂ ਵੱਧ ਮੌਤਾਂ ਹੋ ਜਾਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆ ਗਈ ਹੈ। ਥਾਣਾ ਵਲਟੋਹਾ ਦੀ ਪੁਲਿਸ ਨੇ 2 ਥਾਂਵਾਂ 'ਤੇ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਵੱਡੀ ਮਾਤਰਾ ਵਿੱਚ ਸ਼ਰਾਬ ਅਤੇ ਕੱਚਾ ਲਾਹਣ ਬਰਾਮਦ ਕੀਤਾ ਹੈ।
ਵਲਟੋਹਾ ਪੁਲਿਸ ਨੇ ਭਾਰੀ ਮਾਤਰਾ ਵਿੱਚ ਸ਼ਰਾਬ ਅਤੇ ਕੱਚਾ ਲਾਹਣ ਕੀਤਾ ਬਰਾਮਦ - ਥਾਣਾ ਵਲਟੋਹਾ
ਪੰਜਾਬ 'ਚ ਜ਼ਹਿਰੀਲੀ ਸ਼ਰਾਬ ਦੇ ਕਹਿਰ ਉਪਰੰਤ ਹਰਕਤ ਵਿੱਚ ਆਈ ਪੁਲਿਸ ਨੇ ਸ਼ਰਾਬ ਮਾਫੀਆ ਵਿਰੁੱਧ ਕਾਰਵਾਈ ਤੇਜ਼ ਕਰ ਦਿੱਤੀ ਹੈ। ਵਲਟੋਹਾ ਪੁਲਿਸ ਨੇ 2 ਵੱਖ-ਵੱਖ ਥਾਵਾਂ 'ਤੇ ਕਾਰਵਾਈ ਕਰਦਿਆਂ ਵੱਡੀ ਮਾਤਰਾ ਵਿੱਚ ਸ਼ਰਾਬ ਅਤੇ 2 ਭੱਠੀਆਂ ਬਰਾਮਦ ਕੀਤੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਚ.ਓ. ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗੁਪਤ ਸੂਚਨਾ 'ਤੇ ਕਾਰਵਾਈ ਕਰਦਿਆਂ ਪਿੰਡ ਬਹਾਦਰ ਨਗਰ ਵਿੱਚ ਸੁਖਵੰਤ ਸਿੰਘ, ਜੋ ਦੇਸੀ ਸ਼ਰਾਬ ਤਿਆਰ ਕਰਕੇ ਵੇਚਦਾ ਸੀ, ਦੇ ਘਰੋਂ ਰੇਡ ਕਰਕੇ ਦੇਸੀ ਸ਼ਰਾਬ ਬਰਾਮਦ ਕਰਕੇ ਉਸ ਨੂੰ ਕਾਬੂ ਕੀਤਾ ਹੈ।
ਇਸੇ ਤਰ੍ਹਾਂ ਕਸਬੇ ਦੇ ਮੁਹੱਲਾ ਮਲਵਾਈਆਂ ਵਿੱਚ ਨਜਾਇਜ਼ ਸ਼ਰਾਬ ਤਿਆਰ ਕੀਤੇ ਜਾਣ ਬਾਰੇ ਸੂਚਨਾ ਮਿਲਣ 'ਤੇ ਨਰਿੰਦਰ ਸਿੰਘ, ਪ੍ਰਦੀਪ ਸਿੰਘ ਅਤੇ ਸੁਖਦੇਵ ਸਿੰਘ ਦੀ ਹਵੇਲੀ 'ਤੇ ਕਾਰਵਾਈ ਕੀਤੀ ਤਾਂ ਪੁਲਿਸ ਨੂੰ ਮੌਕੇ ਤੋਂ 200-200 ਲੀਟਰ ਦੇ 9 ਡਰੰਮ ਕੁੱਲ 1800 ਲੀਟਰ ਲਾਹਣ, 100 ਬੋਤਲਾਂ ਨਜਾਇਜ਼ ਦੇਸੀ ਸ਼ਰਾਬ, ਜੋ ਕਿ 75000 ਐੱਮ.ਐਲ. ਬਣਦੀ ਹੈ, ਇੱਕ ਗੱਡੀ ਛੋਟਾ ਹਾਥੀ ਨੰਬਰ ਪੀਬੀ 07 ਏ.ਐੱਸ. 2703 ਅਤੇ 2 ਭੱਠੀਆਂ ਦਾ ਸਮਾਨ, ਜਿਸ ਵਿੱਚ 2 ਡਰੰਮ ਲੋਹੇ ਦੇ, 2 ਛਕਾਲੇ, 2 ਚਪਨੀਆਂ ਫਿੱਟ, 2 ਬਾਲਟੇ ਲੋਹੇ ਦੇ ਬਰਾਮਦ ਕੀਤੇ ਗਏ। ਜਦਕਿ ਉਕਤ ਤਿੰਨੇ ਦੋਸ਼ੀ ਪੁਲਿਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਏ। ਪੁਲਿਸ ਵੱਲੋਂ ਇਨ੍ਹਾਂ ਵਿਰੁੱਧ ਮੁਕੱਦਮਾ ਦਰਜ ਕਰ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।