ਤਰਨ ਤਾਰਨ:ਲਖੀਮਪੁਰ ਖੀਰੀ ਮਾਮਲੇ 'ਚ ਕਿਸਾਨਾਂ ਨੂੰ ਦੋ ਸਾਲ ਬਾਅਦ ਵੀ ਇਨਸਾਫ਼ ਨਾ ਮਿਲਣ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ਵਲੋਂ ਸੂਬੇ ਭਰ 'ਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸ ਦੇ ਚੱਲਦੇ ਕਿਸਾਨਾਂ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਰਾਜ ਮੰਤਰੀ ਅਜੇ ਮਿਸ਼ਰਾ ਅਤੇ ਉਸ ਦੇ ਮੁਲਜ਼ਮ ਪੁੱਤ ਅਸ਼ੀਸ਼ ਮਿਸ਼ਰਾ ਦੇ ਪੁਤਲੇ ਸਾੜੇ ਜਾ ਰਹੇ ਹਨ। ਇਸ ਦੇ ਚੱਲਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਸ੍ਰੀ ਗੁਰੂ ਅੰਗਦ ਦੇਵ ਜੀ ਵੱਲੋਂ ਅੱਜ ਜੋਨ ਪ੍ਰਧਾਨ ਮੁਖ਼ਤਾਰ ਸਿੰਘ ਬਿਹਾਰੀਪੁਰ ਅਤੇ ਸਕੱਤਰ ਸਤਨਾਮ ਸਿੰਘ ਖੋਜਕੀਪੁਰ ਦੀ ਅਗਵਾਈ ਹੇਠ ਵੈਰੋਵਾਲ ਖਡੂਰ ਸਾਹਿਬ ਰੋਡ 'ਤੇ ਪ੍ਰਦਰਸ਼ਨ ਕੀਤਾ ਗਿਆ, ਜਿਸ ਦੌਰਾਨ ਉਨ੍ਹਾਂ ਪੁਤਲੇ ਫੂਕਦਿਆਂ ਸਰਕਾਰ ਖਿਲਾਫ਼ ਜੰਮ ਕੇ ਭੜਾਸ ਵੀ ਕੱਢੀ। (Lakhimpur Khiri incident) (Kisan Protest)
ਪੀੜਤ ਪਰਿਵਾਰਾਂ ਨੂੰ ਇਨਸਾਫ਼ ਦੀ ਉਡੀਕ:ਇਸ ਦੌਰਾਨ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਕਹਿਣਾ ਕਿ ਲਖੀਮਪੁਰ ਖੀਰੀ 'ਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਭਾਜਪਾ ਮੰਤਰੀ ਅਜੇ ਮਿਸ਼ਰਾ ਦੇ ਪੁੱਤ ਅਸ਼ੀਸ਼ ਮਿਸ਼ਰਾ ਵਲੋਂ ਗੱਡੀ ਚੜ੍ਹਾ ਦਿੱਤੀ ਸੀ। ਜਿਸ 'ਚ ਪ੍ਰਦਰਸ਼ਨ ਕਰ ਰਹੇ ਚਾਰ ਕਿਸਾਨ ਅਤੇ ਇੱਕ ਪੱਤਰਕਾਰ ਦੀ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਦੋ ਸਾਲ ਇਸ ਘਟਨਾ ਦੇ ਬੀਤ ਜਾਣ ਦੇ ਬਾਵਜੂਦ ਵੀ ਪੀੜਤ ਪਰਿਵਾਰਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ ਹੈ।