ਤਰਨਤ ਤਾਰਨ: ਪੰਜਾਬ 'ਚ ਪੁਲਿਸ ਤੇ ਸਰਕਾਰ ਬੇਸ਼ੱਕ ਕਾਨੂੰਨ ਵਿਵਸਥਾ ਸਹੀ ਹੋਣ ਦਾ ਦਾਅਵੇ ਕਰਦੇ ਹਨ ਪਰ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਤਰਨ ਤਾਰਨ ਤੋਂ ਸਾਹਮਣੇ ਆਇਆ ਹੈ, ਜਿਥੇ ਤੀਹਰੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਬੀਤੀ ਰਾਤ ਜ਼ਿਲ੍ਹੇ ਦੇ ਪਿੰਡ ਤੁੰਗ ਵਿੱਚ ਇੱਕੋ ਪਰਿਵਾਰ ਦੇ ਤਿੰਨ ਵਿਅਕਤੀਆਂ ਦਾ ਕਤਲ ਕਰ ਦਿੱਤਾ ਗਿਆ। ਕਤਲ ਦੀ ਇਸ ਘਟਨਾ ਨੂੰ ਤੇਜ਼ਧਾਰ ਹਥਿਆਰਾਂ ਨਾਲ ਅੰਜਾਮ ਦਿੱਤਾ ਗਿਆ ਹੈ। ਇਸ ਕਤਲੇਆਮ ਵਿੱਚ ਦੋ ਔਰਤਾਂ ਸਮੇਤ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਇਕਬਾਲ ਸਿੰਘ, ਉਸ ਦੀ ਪਤਨੀ ਲਖਵਿੰਦਰ ਕੌਰ ਅਤੇ ਉਸ ਦੀ ਭਰਜਾਈ ਸੀਤਾ ਕੌਰ ਵਜੋਂ ਹੋਈ ਹੈ।
ਗਹਿਣੇ, ਨਕਦੀ ਅਤੇ ਇੱਕ ਲਾਇਸੈਂਸੀ ਰਾਈਫਲ ਚੋਰੀ: ਇਸ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਮੁਲਜ਼ਮ ਘਰੋਂ ਸੋਨੇ ਦੇ ਗਹਿਣੇ, ਨਕਦੀ ਅਤੇ ਇੱਕ ਲਾਇਸੈਂਸੀ ਰਾਈਫਲ ਵੀ ਆਪਣੇ ਨਾਲ ਲੈ ਗਏ। ਉਧਰ ਪੁਲਿਸ ਨੇ ਇਸ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ। ਉਧਰ ਘਟਨਾ ਤੋਂ ਬਾਅਦ ਪਰਿਵਾਰ ਲਈ ਕੰਮ ਕਰਦਾ ਪ੍ਰਵਾਸੀ ਨੌਕਰ ਵੀ ਗਾਇਬ ਹੈ, ਜਿਸ ਤੋਂ ਬਾਅਦ ਇੰਨ੍ਹਾਂ ਕਤਲਾਂ ਦੇ ਪਿਛੇ ਉਸ ਦਾ ਹੱਥ ਮੁੱਢਲੀ ਜਾਂਚ 'ਚ ਮੰਨਿਆ ਜਾ ਰਿਹਾ ਹੈ।
ਵੱਖ-ਵੱਖ ਕਮਰਿਆਂ 'ਚੋਂ ਲਾਸ਼ਾਂ ਬਰਾਮਦ: ਪੁਲਿਸ ਅਨੁਸਾਰ ਇੱਕੋ ਪਰਿਵਾਰ ਦੇ ਤਿੰਨੋਂ ਮੈਂਬਰਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਗਏ ਹਨ। ਦੋਵੇਂ ਔਰਤਾਂ ਲਖਵਿੰਦਰ ਕੌਰ ਅਤੇ ਸੀਤਾ ਕੌਰ ਦੀ ਲਾਸ਼ ਇਕ ਕਮਰੇ ਵਿਚ ਜਦੋਂਕਿ ਇਕਬਾਲ ਸਿੰਘ ਦੀ ਲਾਸ਼ ਵੱਖਰੇ ਕਮਰੇ ਵਿਚ ਮਿਲੀ। ਤਿੰਨਾਂ ਦੇ ਹੱਥ-ਪੈਰ ਬੰਨ੍ਹੇ ਹੋਏ ਸਨ। ਮੂੰਹ ਸਮੇਤ ਪੂਰੇ ਚਿਹਰੇ 'ਤੇ ਟੇਪ ਚਿਪਕਾਈ ਗਈ ਸੀ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਬੁੱਧਵਾਰ ਸਵੇਰੇ ਕੋਈ ਘਰੋਂ ਬਾਹਰ ਨਹੀਂ ਨਿਕਲਿਆ।
ਗੁਆਂਢੀਆਂ ਨੂੰ ਸ਼ੱਕ ਹੋਇਆ, ਅੰਦਰ ਗਏ ਤਾਂ ਦੇਖੀਆਂ ਲਾਸ਼ਾਂ:ਜਦੋਂ ਗੁਆਂਢੀਆਂ ਨੇ ਉਨ੍ਹਾਂ ਨੂੰ ਆਵਾਜ਼ ਲਗਾਈ ਤਾਂ ਕੋਈ ਜਵਾਬ ਨਹੀਂ ਆਇਆ। ਇਸ ਤੋਂ ਬਾਅਦ ਲੋਕਾਂ ਨੂੰ ਸ਼ੱਕ ਹੋ ਗਿਆ। ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਖੂਨ ਨਾਲ ਲੱਥਪੱਥ ਲਾਸ਼ਾਂ ਪਈਆਂ ਸਨ। ਜਿੰਨ੍ਹਾਂ ਦੇ ਹੱਥ-ਪੈਰ ਵੀ ਬੰਨ੍ਹੇ ਹੋਏ ਸਨ। ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਮੁਤਾਬਕ ਕਤਲ ਦੀ ਲੁੱਟ ਸਮੇਤ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।