ਤਰਨਤਾਰਨ :ਜ਼ਿਲ੍ਹਾ ਤਰਨਤਾਰਨ ਦੇ ਪਿੰਡ ਥੇਹ ਕਲਾਂ ਵਿੱਖੇ ਇੱਕ ਦਿਲ ਨੂੰ ਝੰਜੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਬੇਵੱਸ ਮਾਂ ਆਪਣੀਆਂ ਛੇ ਧੀਆਂ ਦਾ ਢਿੱਡ ਭਰਨ ਲਈ ਦਰ ਦਰ ਦੀਆਂ ਠੋਕਰਾਂ ਖਾ ਰਹੀ ਹੈ। ਇਸ ਸਬੰਧੀ ਪੀੜਤ ਔਰਤ ਪ੍ਰਭਜੀਤ ਕੌਰ ਨੇ ਦੱਸਿਆ ਕਿ ਉਸ ਦੇ ਘਰ ਦੇ ਹਾਲਾਤ ਇੰਨੇ ਜ਼ਿਆਦਾ ਬੁਰੇ ਹੋ ਚੁੱਕੇ ਹਨ ਕਿ ਘਰ ਵਿੱਚ ਦੋ ਵਕਤ ਦੀ ਰੋਟੀ ਤਕ ਨਹੀਂ ਹੈ। ਪ੍ਰਭਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਰਾਤ ਦਿਨ ਮਿਹਨਤ ਮਜ਼ਦੂਰੀ ਕਰਦਾ ਹੈ, ਪਰ ਫਿਰ ਵੀ ਘਰ ਗੁਜ਼ਾਰਾ ਨਹੀਂ ਚੱਲ ਰਿਹਾ। ਹੁਣ ਬਾਰਿਸ਼ ਦੇ ਦਿਨਾਂ ਵਿੱਚ ਕੋਈ ਵੀ ਕੰਮ ਕਾਰ ਨਾ ਹੋਣ ਕਰਕੇ ਉਹਨਾਂ ਨੂੰ ਕਈ ਕਈ ਦਿਨ ਭੁੱਖੇ ਢਿੱਡ ਹੀ ਪਾਣੀ ਪੀ ਕੇ ਗੁਜ਼ਾਰਾ ਕਰਨਾ ਪੈਂਦਾ ਹੈ।
ਲੋਕਾਂ ਘਰੋਂ ਲਿਆਉਣਾ ਪੈਂਦਾ ਪਾਣੀ :ਪ੍ਰਭਜੀਤ ਕੌਰ ਨੇ ਦੱਸਿਆ ਕਿ ਘਰ ਵਿੱਚ ਮੋਟਰ ਨਾ ਲੱਗੀ ਹੋਣ ਕਾਰਨ ਉਨ੍ਹਾਂ ਨੂੰ ਲੋਕਾਂ ਦੇ ਘਰਾਂ ਵਿੱਚੋਂ ਪਾਣੀ ਲਿਆ ਕੇ ਗੁਜ਼ਾਰਾ ਕਰਨਾ ਪੈਂਦਾ ਹੈ। ਪੀੜਤ ਔਰਤ ਨੇ ਦੱਸਿਆ ਕਿ ਨਾ ਘਰ ਵਿੱਚ ਕੋਈ ਸਿਲੰਡਰ ਚੁੱਲ੍ਹਾ ਹੈ ਅਤੇ ਹੁਣ ਬਾਰਿਸ਼ ਪੈ ਰਹੀ ਹੈ, ਜਿਸ ਕਰਕੇ ਉਹ ਭੁੱਖੇ ਢਿੱਡ ਆਪਣਾ ਗੁਜ਼ਾਰਾ ਕਰਨਗੇ, ਕਿਉਂਕਿ ਬਾਰਸ਼ ਕਾਰਨ ਸਾਰਾ ਬਾਲਣ ਗਿੱਲਾ ਹੋ ਜਾਂਦਾ ਹੈ, ਇਸ ਕਰਕੇ ਉਹ ਚੁੱਲ੍ਹਾ ਵੀ ਨਹੀਂ ਬਾਲ ਸਕਦੇ। ਪੀੜਤ ਔਰਤ ਨੇ ਦੱਸਿਆ ਕਿ ਉਸ ਦੀਆਂ ਛੇ ਧੀਆਂ ਹਨ ਅਤੇ ਉਸ ਦਾ ਇੱਕ ਛੋਟਾ ਲੜਕਾ ਹੈ। ਉਸਨੇ ਦੱਸਿਆ ਕਿ ਉਹ ਆਪਣੀਆਂ ਧੀਆਂ ਨੂੰ ਪੜ੍ਹਾ ਲਿਖਾ ਵੀ ਨਹੀਂ ਸਕਦੀ, ਕਿਉਂਕਿ ਘਰ ਵਿੱਚ ਕੋਈ ਪੈਸਾ ਨਾ ਹੋਣ ਕਾਰਨ ਉਹ ਸਕੂਲ ਦੀ ਫੀਸ ਤੱਕ ਨਹੀਂ ਭਰ ਸਕਦੇ।