ਤਰਨ ਤਾਰਨ 'ਚ ਚੋਰਾਂ ਨੇ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ,ਸ਼ਟਰ ਤੋੜ ਕੇ ਕੀਤੀ ਲੱਖਾਂ ਦੀ ਚੋਰੀ ਤਰਨ ਤਾਰਨ:ਤਰਨ ਤਾਰਨ ਸ਼ਹਿਰ 'ਚ ਵੱਖ ਵੱਖ ਦੁਕਾਨਾਂ ਦੇ ਜਿੰਦਰੇ ਤੋੜ ਕੇ ਚੋਰਾਂ ਵਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਜਿਸ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈਆਂ ਹਨ। ਤਸਵੀਰਾਂ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਇਕ ਕਾਰ ਸਵਾਰ ਵਲੋਂ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਘਟਨਾ ਦਾ ਪਤਾ ਚੱਲਦੇ ਹੀ ਦੁਕਾਨਦਾਰਾਂ ਵੱਲੋਂ ਮਾਮਲੇ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਮਾਮਲੇ 'ਚ ਇਨਸਾਫ ਦੀ ਮੰਗ ਕੀਤੀ ਹੈ।
ਨਕਦੀ, ਘਿਓ ਤੇ ਹੋਰ ਸਮਾਨ ਲੈ ਹੋਏ ਫ਼ਰਾਰ: ਦੱਸਣਯੋਗ ਹੈ ਕਿ ਤਰਨਤਾਰਨ ਸ਼ਹਿਰ 'ਚ ਸਥਿਤ ਰੋਡ ਉਪਰ ਦੋ ਵੇਰਕਾ ਬੂਥ ਅਤੇ ਇਕ ਹਲਵਾਈ ਦੀ ਦੁਕਾਨ ਦੇ ਜਿੰਦਰੇ ਤੋੜ ਕੇ ਕਰੀਬ ਲੱਖ ਰੁਪਏ ਨਕਦੀ ਚੋਰੀ ਕਰਨ ਦੇ ਨਾਲ ਨਾਲ ਮਿਠਾਈਆਂ, ਕੋਲਡ ਡਰਿੰਕ, ਦੇਸੀ ਘਿਓ, ਮੱਖਣ, ਕਰੀਮ ਦੇ ਡੱਬੇ ਚੋਰੀ ਕਰਨ 'ਚ ਸਫਲ ਹੋਏ। ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰ ਜਾਂਦੇ ਸਮੇ ਸੀਸੀਟੀਵੀ ਕੈਮਰੇ ਤੇ ਡੀਵੀਆਰਵੀ ਚੋਰੀ ਕਰਕੇ ਗਏ। ਪਰ ਕੁਝ ਕੈਮਰਿਆਂ ਨੇ ਇਹਨਾਂ ਨੂੰ ਕੈਦ ਕਰਲਿਆ। ਦੱਸਿਆ ਜਾ ਰਿਹਾ ਇਹ ਕਾਰ ਚੋਰ ਗਿਰੋਹ ਪਿਛਲੇ ਦੋ ਦਿਨਾਂ ਤੋ ਵੱਖ-ਵੱਖ ਥਾਵਾਂ 'ਤੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਹੈ।
ਚੋਰੀ ਤੋਂ ਪਹਿਲਾਂ ਖਾਦੀ ਮਿਠਾਈ ਤੇ ਪੀਤੀ ਕੋਲਡ ਡਰਿੰਕ': ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਨੇ ਦੱਸਿਆ ਕਿ ਸਵੇਰੇ ਅੰਮ੍ਰਿਤ ਵੇਲੇ ਇਕ ਚਿੱਟੇ ਰੰਗ ਦੀ ਕਾਰ 'ਚ ਆਏ ਕੁਝ ਅਣਪਛਾਤੇ ਵਿਅਕਤੀਆ ਵੱਲੋ ਦੁਕਾਨ ਦੇ ਦਰਵਾਜੇ ਨੁੰ ਤੋੜ ਕੇ ਪਹਿਲਾਂ ਸੀਸੀਟੀਵੀ ਕਮਰੇ ਦੇ ਡੀਵੀਆਰ ਚੋਰੀ ਕੀਤੇ ਗਏ। ਫਿਰ ਗੱਲੇ 'ਚੋ 80,000 ਰੁਪਏ ਦੀ ਨਕਦੀ ਵੀ ਚੋਰੀ ਕੀਤੀ ਗਈ। ਫਿਰ ਚੋਰਾਂ ਨੇ ਖੂਬ ਮਿਠਾਈ ਖਾਦੀ ਤੇ ਕੋਲਡ ਡਰਿੰਕ ਦੇ ਕੈਨ ਵੀ ਪੀਤੇ ਅਤੇ ਬੜੇ ਅਰਾਮ ਨਾਲ ਚੋਰੀ ਕੀਤੀ ਗਈ। ਇਸ ਤੋਂ ਇਲਾਵਾ ਵੇਰਕਾ ਬੂਥ ਦੇ ਮਾਲਿਕ ਨੇ ਦੱਸਿਆ ਕਿ ਸਾਡੀ ਬੇਕਰੀ ਦਾ ਕੰਮ ਹੋਣ ਕਾਰਨ ਅੰਮ੍ਰਿਤ ਵੇਲੇ ਸਾਡੀ ਬੂਥ ਦੇ ਦਰਵਾਜੇ ਤੋੜ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਵਾਰਦਾਤ ਦਾ ਸ਼ਿਕਾਰ ਹੋਏ ਸਮੂਹ ਦੁਕਾਨਦਾਰਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਕਿ ਤਿਉਹਾਰਾਂ ਦਾ ਮੌਕਾ ਹੈ ਸਾਡਾ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਕੀਤੀ ਜਾਵੇ।
ਪੁਲਿਸ ਨੇ ਨਹੀਂ ਦਿੱਤਾ ਬਿਆਨ: ਓਧਰ ਇਸ ਮਾਮਲੇ 'ਤੇ ਥਾਣਾ ਸਿਟੀ ਦੇ ਐਸ.ਐਚ.ਓ ਨੇ ਕੈਮਰੇ ਅੱਗੇ ਆਉਣ ਤੋਂ ਕੋਰੀ ਨਾਹ ਕਰ ਦਿੱਤੀ। ਪਰ ਹੁਣ ਦੇਖਣਾ ਹੋਵੇਗਾ ਪੁਲਿਸ ਇਸ ਕਾਰ ਚੋਰ ਗਿਰੋਹ ਨੂੰ ਕਦ ਤੱਕ ਕਾਬੂ ਕਰ ਸਕੇਗੀ।