ਚੋਰਾਂ ਨੇ ਔਰਤ ਨੂੰ ਬੰਧਕ ਬਣਾ ਕੇ ਕੀਤੀ ਲੁੱਟ ਤਰਨਤਾਰਨ : ਇਲਾਕੇ ਵਿੱਚ ਚੋਰੀ ਤੇ ਲੁੱਟ ਖੋਹ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ। ਭਿੱਖੀਵਿੰਡ ਵਿੱਚ ਇੱਕਲੀ ਔਰਤ ਨੂੰ ਵੇਖ ਦੋ ਅਣਪਛਾਤੇ ਵਿਅਕਤੀਆਂ ਘਰ ਅੰਦਰ ਦਾਖਲ ਹੋਏ ਤੇ ਔਰਤ ਨੂੰ ਬੰਧਕ ਬਣਾ ਕੇ ਘਰ ਦੀ ਅਲਮਾਰੀ ਵਿੱਚ ਪਏ 12 ਲੱਖ ਰੁਪਏ ਤੇ ਕਰੀਬ 5 ਤੋਲੇ ਸੋਨਾ ਲੈਂ ਕੇ ਫ਼ਰਾਰ ਹੋ ਗਏ।
ਇੱਕਲੀ ਔਰਤ ਦੇਖ ਕੇ ਚੋਰਾਂ ਨੇ ਕੀਤੀ ਚੋਰੀ :ਜਾਣਕਾਰੀ ਦਿੰਦਿਆਂ ਰਾਜੇਸ਼ ਕੁਮਾਰ ਮਿੰਟੂ ਪੁੱਤਰ ਦੇਸ ਰਾਜ ਬਲੇਰ ਰੋਡ ਭਿੱਖੀਵਿੰਡ ਨੇ ਦੱਸਿਆ ਕਿ ਘਰ ਵਿੱਚ ਉਨ੍ਹਾਂ ਦੀ ਪਤਨੀ ਸੁਨੀਤਾ ਸੀ ਤੇ ਘਰ ਦਾ ਦਰਵਾਜ਼ਾ ਅੱਧਾ ਖੁੱਲਿਆ ਹੋਇਆ ਸੀ। ਇਸ ਦੌਰਾਨ ਦੋ ਅਣਪਛਾਤੇ ਵਿਅਕਤੀ ਘਰ ਵਿੱਚ ਦਾਖਲ ਹੋਏ ਤੇ ਉਨ੍ਹਾਂ ਦੀ ਪਤਨੀ ਨੂੰ ਬੰਧਕ ਬਣਾ ਕੇ ਘਰ ਵਿੱਚ ਪਈ ਅਲਮਾਰੀ ਵਿੱਚੋਂ 12 ਲੱਖ ਰੁਪਏ ਤੇ ਉਨ੍ਹਾਂ ਦੀ ਬੇਟੀ ਦਾ ਘਰ ਵਿੱਚ ਪਿਆ 5 ਤੋਲੇ ਸੋਨਾ ਲੈਂ ਕੇ ਫ਼ਰਾਰ ਹੋ ਗਏ।
ਪੀੜਤ ਔਰਤ ਸੁਨੀਤਾ ਨੇ ਦੱਸਿਆ ਕਿ ਉਹ ਦਵਾਈ ਖਾ ਕੇ ਆਪਣੇ ਘਰ ਅੰਦਰ ਲੇਟ ਗਈ ਸੀ। ਅਚਾਨਕ ਬੂਹਾ ਖੁੱਲ੍ਹਾ ਦੇਖ ਕੇ 2 ਵਿਅਕਤੀ ਅੰਦਰ ਦਾਖਲ ਹੋਏ। ਜਦੋਂ ਉਹ ਉੱਠ ਕੇ ਬਾਹਰ ਆਈ, ਤਾਂ ਦੋਨਾਂ ਚੋਂ ਇੱਕ ਚੋਰ ਨੇ ਉਸ ਨੂੰ ਫੜ੍ਹ ਲਿਆ ਅਤੇ ਛੱਡਿਆ ਨਹੀਂ। ਇਸ ਦੌਰਾਨ ਦੂਜਾ ਚੋਰ ਘਰ ਅੰਦਰ ਦਾਖਲ ਹੋਇਆ ਅਤੇ ਚੋਰੀ ਕਰ ਕੇ ਨਿਕਲ ਗਏ। ਪੀੜਤ ਨੇ ਦੱਸਿਆ ਕਿ ਦੋਹਾਂ ਨੌਜਵਾਨਾਂ ਨੇ ਆਪਣੇ ਮੂੰਹ ਢਕੇ ਹੋਏ ਸੀ ਇਸ ਕਰਕੇ ਉਨ੍ਹਾਂ ਦੇ ਚਿਹਰੇ ਉਹ ਦੇਖ ਨਹੀਂ ਸਕੀ। ਉਸ ਨੇ ਦੱਸਿਆ ਕਿ ਚੋਰ ਉਸ ਦੀ ਧੀ ਦਾ ਗਹਿਣਾ ਤੇ ਕੈਸ਼ ਲੈ ਗਏ ਹਨ।
ਪਤੀ ਨੇ ਪੁਲਿਸ ਨੂੰ ਦਿੱਤੀ ਸੂਚਨਾ :ਪੀੜਤ ਰਾਜੇਸ਼ ਕੁਮਾਰ ਮਿੰਟੂ ਨੇ ਕਿਹਾ ਕਿ ਉਸ ਨੂੰ ਬਹੁਤ ਜ਼ਿਆਦਾ ਟੈਂਸ਼ਨ ਹੋ ਗਈ ਹੈ। ਉਹ ਚਾਹੁੰਦੇ ਹਨ ਕਿ ਮੁਲਜ਼ਮਾਂ ਨੂੰ ਜਲਦ ਫੜ੍ਹਿਆ ਜਾਵੇ ਅਤੇ ਸਾਡਾ ਸੋਨਾ ਤੇ ਪੈਸਾ ਵਾਪਸ ਕੀਤਾ ਜਾਵੇ। ਮੁਲਜ਼ਮਾਂ ਉੱਤੇ ਪੁਲਿਸ ਵੱਲੋਂ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ।ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਰਾਕੇਸ਼ ਕੁਮਾਰ ਆਪਣੀ ਦੁਕਾਨ ਬੰਦ ਕਰਕੇ ਘਰ ਆਇਆ। ਇਸ ਘਟਨਾ ਦੀ ਸੁਚਨਾ ਥਾਣਾ ਭਿੱਖੀਵਿੰਡ ਦੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਮੌਕੇ ਉੱਤੇ ਪੁਹੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਥਾਣਾ ਭਿੱਖੀਵਿੰਡ ਪੁਲਿਸ ਵੱਲੋਂ ਇਸ ਸਬੰਧੀ ਕੈਮਰੇ ਦੇ ਸਾਹਮਣੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ:Protest Against Private Hospital: ਮਰੀਜ਼ ਦੀ ਮੌਤ ਹੋਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ