ਤਰਨਤਾਰਨ:ਜ਼ਿਲ੍ਹਾ ਤਰਨਤਾਰਨ ਦੇ ਹਲਕਾ ਖੇਮਕਰਨ (Halqa Khemkaran of District Tarn Taran) ਅਧੀਨ ਪੈਂਦੇ ਪਿੰਡ ਭੈਣੀ ਗੁਰਮੁੱਖ ਸਿੰਘ (Village Bhaini Gurmukh Singh) ਵਿਖੇ ਇੱਕ ਐਸਾ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਸਾਡੇ ਸਾਰਿਆਂ ਦੇ ਦਿਲ ਨੂੰ ਝੰਜੋੜ ਕੇ ਰੱਖ ਦੇਵੇਗਾ। ਜਿਸ ਵਿੱਚ ਇੱਕ ਗ਼ਰੀਬ ਵਿਧਵਾ ਬਜ਼ੁਰਗ ਔਰਤ ਹਸਪਤਾਲ ਵਿੱਚ ਦਾਖ਼ਲ ਆਪਣੀ ਧੀ ਦਾ ਇਲਾਜ ਕਰਵਾਉਣ ਲਈ ਲੋਕਾਂ ਤੋਂ 10-10, 20-20, ਰੁਪਈਏ ਮੰਗ ਰਹੀ ਹੈ, ਕਿ ਉਸ ਦੀ ਹਸਪਤਾਲ ਵਿੱਚ ਦਾਖਲ ਜਵਾਨ ਧੀ ਦਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਇਲਾਜ ਕਰਵਾ ਸਕੇ ਅਤੇ ਉਸ ਦੀ ਧੀ ਦੀ ਜ਼ਿੰਦਗੀ ਬਚ ਸਕੇ।
ਇਸ ਸਬੰਧੀ ਜਾਣਕਾਰੀ ਦਿੰਦੀ ਹੋਈ ਗ਼ਰੀਬ ਬਜ਼ੁਰਗ ਵਿਧਵਾ ਔਰਤ ਦਲਬੀਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਸ ਨੇ ਲੋਕਾਂ ਦੇ ਘਰਾਂ ਵਿੱਚ ਮਿਹਨਤ ਮਜ਼ਦੂਰੀ ਕਰਕੇ ਆਪਣੇ ਧੀਆਂ ਪੁੱਤਾਂ ਨੂੰ ਮਸਾਂ ਹੀ ਪਾਲਿਆ ਸੀ, ਪਰ ਘਰ ਦੀ ਚੰਦਰੀ ਗ਼ਰੀਬੀ ਉਸ ਦੇ ਧੀਆਂ ਪੁੱਤਾਂ ਨੂੰ ਖਾਣ ਲੱਗ ਪਈ ਹੈ, ਬਜ਼ੁਰਗ ਔਰਤ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਕਿਸੇ ਕੰਮ ਲਈ ਆਪਣੀ ਧੀ ਨਾਲ ਭਿੱਖੀਵਿੰਡ ਨੂੰ ਜਾ ਰਹੀ ਸੀ ਤਾਂ ਰਸਤੇ ਵਿੱਚ ਉਸ ਦੀ ਲੜਕੀ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਧੀ ਦੇ ਸਿਰ ਵਿੱਚ ਗੰਭੀਰ ਸੱਟ ਲੱਗ ਗਈ, ਜਿਸ ਨੂੰ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।
ਪੀੜਤ ਬਜ਼ੁਰਗ ਔਰਤ ਨੇ ਦੱਸਿਆ ਕਿ ਉਸ ਨੇ ਆਪਣੀ ਧੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਏ ਹੋਏ 16 ਦਿਨ ਹੋ ਚੁੱਕੇ ਹਨ, ਪੀੜਤ ਬਜ਼ੁਰਗ ਔਰਤ ਨੇ ਦੱਸਿਆ ਕਿ ਉਸ ਨੇ ਆਪਣੀ ਧੀ ਦਾ ਇਲਾਜ ਕਰਵਾਉਣ ਲਈ ਆਪਣਾ ਘਰ ਤੱਕ ਵੇਚ ਦਿੱਤਾ, ਪਰ ਉਸ ਦੀ ਧੀ ਅਜੇ ਵੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ, ਉਨ੍ਹਾਂ ਦੱਸਿਆ ਕਿ ਉਸ ਕੋਲ ਕੱਲਾ ਘਰ ਹੀ ਹੈਗਾ ਸੀ, ਜਿਸ ਨੂੰ ਉਸ ਨੇ ਵੇਚ ਕੇ ਆਪਣੀ ਧੀ ਦੇ ਇਲਾਜ ਦੇ ਇਲਾਜ ਲਈ ਵੇਚ ਦਿੱਤਾ ਹੈ, ਪਰ ਅਜੇ ਵੀ ਉਸ ਦਾ ਇਲਾਜ ਨਹੀਂ ਹੋ ਸਕਿਆ।