ਤਰਨ ਤਾਰਨ:ਸਮਾਜ ਵਿੱਚ ਬਹੁਤ ਪਰਿਵਾਰ ਅਜਿਹੇ ਹਨ ਜੋ ਨਰਕ ਭਰੀ ਜ਼ਿਉਣ ਲਈ ਮਜ਼ਬੂਰ ਹਨ ਜਾਂ ਜਿਨ੍ਹਾਂ ਕੋਲ ਕੋਈ ਕਮਾਈ ਦੀ ਸਾਧਨ ਨਹੀਂ ਹੈ। ਗਰੀਬੀ ਇੱਕ ਅਜਿਹਾ ਕੋਹੜ ਹੈ ਜੋ ਸਾਡੇ ਦੇਸ਼ ਅਤੇ ਸਮਾਜ ਨੂੰ ਘੁਣ ਵਾਂਗ ਖਾ ਰਿਹਾ ਹੈ। ਗਰੀਬੀ ਕਾਰਨ ਕਈ ਪਰਿਵਾਰਾਂ ਦੇ ਹਾਲਾਤ ਅਜਿਹੇ ਬਣੇ ਹੋਏ ਨੇ ਜਿਨ੍ਹਾਂ ਕੋਲ ਰਹਿਣ ਲਈ ਨਾ ਤਾਂ ਪੱਕੀ ਛੱਤ ਹੈ ਤੇ ਨਾ ਹੀ ਕਮਾਈ ਦਾ ਕੋਈ ਸਾਧਨ 'ਤੇ ਅਜਿਹੇ ਪਰਿਵਾਰਾਂ ਨੂੰ 2 ਵਕਤ ਦੀ ਰੋਟੀ ਖਾਣ ਅਤੇ ਆਪਣੀ ਦਵਾਈ ਲਈ ਵੀ ਦੂਜਿਆਂ ਵੱਲ ਵੇਖਣਾ ਪੈਂਦਾ ਹੈ।
ਜ਼ਿਲ੍ਹਾ ਤਰਨਤਾਰਨ ਦੇ ਨਾਲ ਲੱਗਦੇ ਪਿੰਡ ਪੱਖੋਕੇ ਵਿੱਚ ਪਰਿਵਾਰ ਝੱਲ ਰਿਹਾ ਹੈ ਗਰੀਬੀ ਦੀ ਮਾਰ
ਅਜਿਹਾ ਹੀ ਇੱਕ ਮਾਮਲਾ ਜ਼ਿਲ੍ਹਾ ਤਰਨਤਾਰਨ (District Tarn Taran) ਦੇ ਨਾਲ ਲੱਗਦੇ ਪਿੰਡ ਪੱਖੋਕੇ (Village Pakhoke) ਦਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਰਿਵਾਰ ਗ਼ਰੀਬੀ ਦੀ ਮਾਰ ਝੱਲ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਦੀ ਪਤਨੀ ਦਵਿੰਦਰ ਕੌਰ ਨੇ ਦੱਸਿਆ ਕਿ ਉਸ ਦੀਆਂ ਤਿੰਨ ਧੀਆਂ ਹਨ ਅਤੇ ਇਕ ਬੇਟਾ ਹੈ।
ਦਿਹਾੜੀ 'ਤੇ ਕੰਮ ਕਰਨ ਦੌਰਾਨ ਕੋਠੇ ਤੋਂ ਡਿੱਗ ਕੇ ਟੁੱਟ ਗਿਆ ਸੀ ਚੂਲਾ
ਉਨ੍ਹਾਂ ਕਿਹਾ ਕਿ ਉਸ ਦੇ ਪਤੀ ਦਲਬੀਰ ਸਿੰਘ ਦੀ ਦਿਹਾੜੀ ਕਰਦੇ ਸਮੇਂ ਕੋਠੇ ਤੋਂ ਡਿੱਗ ਪਏ ਸਨ, ਜਿਸ ਕਾਰਨ ਉਸ ਦਾ ਚੂਲਾ ਟੁੱਟ ਗਿਆ ਅਤੇ ਤਿੰਨ ਸਾਲ ਤੋਂ ਉਹ ਮੰਜੇ 'ਤੇ ਹੀ ਬਿਨ੍ਹਾਂ ਦਵਾਈ ਤੋਂ ਤੜਫ਼ ਰਿਹਾ ਹੈ। ਪੀੜਤ ਮਹਿਲਾ ਨੇ ਦੱਸਿਆ ਕਿ ਉਸ ਦੇ ਘਰ ਦੇ ਹਾਲਾਤ ਇੰਨੇ ਜ਼ਿਆਦਾ ਮਾੜੇ ਹਨ ਕਿ ਉਹ ਦੋ ਵਕਤ ਦੀ ਰੋਟੀ ਨੂੰ ਵੀ ਤਰਸ ਰਹੇ ਹਨ।
ਤਿੰਨ ਧੀਆਂ ਨਾਲ ਲੋਕਾਂ ਦੇ ਘਰਾਂ ਵਿੱਚ ਪੋਚਾ ਫੇਰ ਕੇ ਕਮਾਉਂਦੇ ਹਨ ਰੋਟੀ
ਮਹਿਲਾ ਨੇ ਦੱਸਿਆ ਕਿ ਉਹ ਆਪਣੀਆਂ ਤਿੰਨ ਧੀਆਂ ਨਾਲ ਲੋਕਾਂ ਦੇ ਘਰਾਂ ਵਿੱਚ ਪੋਚਾ ਫੇਰ ਕੇ ਰੋਟੀ ਕਮਾ ਕੇ ਲਿਆਉਂਦੇ ਹਨ ਪਰ ਘਰ ਦਾ ਗੁਜਾਰਾ ਕਰਨਾ ਬਹੁਤ ਮੁਸ਼ਕਿਲ ਹੈ, ਕਿਉਂਕਿ ਉਸ ਨੂੰ ਜੋ ਪੈਸੇ ਮਿਲਦੇ ਹਨ ਉਹ ਉਸ ਦੇ ਪਤੀ ਦੇ ਦਵਾਈ 'ਤੇ ਖ਼ਰਚ ਹੋ ਜਾਂਦੇ ਹਨ। ਮਹਿਲਾ ਨੇ ਦੱਸਿਆ ਕਿ ਉਸ ਨੇ ਕਈ ਵਾਰ ਸਰਪੰਚਾਂ ਪੰਚਾਂ ਨੂੰ ਸਹਾਇਤਾ ਕਰਨ ਦੀ ਅਪੀਲ ਕੀਤੀ ਪਰ ਕਿਸੇ ਨੇ ਵੀ ਉਨ੍ਹਾਂ ਦੀ ਸਹਾਇਤਾ ਨਹੀਂ ਕੀਤੀ।