ਤਰਨ ਤਾਰਨ: ਬੀਤੇ 30 ਅਗਸਤ ਨੂੰ ਜੰਮੂ ਵਿਖੇ ਦੁਸ਼ਮਣਾਂ ਨਾਲ ਲੋਹਾਂ ਲੈਂਦਿਆਂ ਸ਼ਹਾਦਤ ਦਾ ਜਾਮ ਪੀਣ ਵਾਲੇ ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਦੇ ਵਸਨੀਕ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਦੇ ਪਰਿਵਾਰ ਨੂੰ ਬਣਦਿਆਂ ਸਰਕਾਰੀ ਸਹੂਲਤਾਂ ਨਾ ਮਿਲਣ ਕਰ ਕੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣੇ ਪੈ ਰਹੇ ਹਨ ਅਤੇ ਖੱਜਲ-ਖੁਆਰ ਹੋਣਾ ਪੈ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ਹੀਦ ਦੀ ਪਤਨੀ ਮਨਪ੍ਰੀਤ ਕੌਰ ਤੇ ਬੇਟਾ ਜੋਬਨਜੀਤ ਸਿੰਘ ਦੱਸਿਆ ਕਿ ਸ਼ਹੀਦ ਦੀ ਸ਼ਹਾਦਤ ਹੋਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਫੇਸਬੁੱਕ ਅਕਾਊਂਟ 'ਤੇ ਪੋਸਟ ਪਾ ਕੇ ਤੇ ਹਲਕੇ ਦੇ ਕਾਂਗਰਸੀ ਐੱਮ ਪੀ ਜਸਬੀਰ ਸਿੰਘ ਡਿੰਪਾ ਵੱਲੋਂ ਘਰ ਆ ਕੇ ਪਰਿਵਾਰ ਲਈ 50 ਲੱਖ ਦੀ ਨਗਦ ਰਾਸ਼ੀ ਅਤੇ ਇਕ ਪਰਿਵਾਰਕ ਮੈਂਬਰ ਨੂੰ ਨੌਕਰੀ, ਪਿੰਡ ਦੇ ਸਰਕਾਰੀ ਸਕੂਲ ਦਾ ਨਾਮ ਸ਼ਹੀਦ ਦੇ ਨਾਮ 'ਤੇ ਰੱਖਣ ਸਬੰਧੀ , ਸ਼ਹੀਦ ਦੇ ਨਾਮ ਤੇ ਖੇਡ ਸਟੇਡੀਅਮ ਬਣਾਉਣ ਸਬੰਧੀ ਅਤੇ ਸ਼ਹੀਦ ਦੀ ਅੰਤਿਮ ਸੰਸਕਾਰ ਵਾਲੀ ਜਗ੍ਹਾ ਤੇ ਸੁੰਦਰ ਯਾਦਗਾਰ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ। ਪਰ ਪਰਿਵਾਰ ਨੂੰ ਸਰਕਾਰ ਵੱਲੋਂ ਸਿਰਫ਼ ਹੁਣ ਤੱਕ ਪੰਜ ਲੱਖ ਦੀ ਰਾਸ਼ੀ ਹੀ ਦਿੱਤੀ ਗਈ ਹੈ।