ਤਰਨ ਤਾਰਨ:ਹਲਕਾ ਖੇਮਕਰਨ ਦੇ ਕਸਬਾ ਭਿੱਖੀਵਿੰਡ ਵਿੱਚ ਅੱਜ ਸਵੇਰੇ ਤੜਕਸਾਰ ਕਮਲ ਬੂਟ ਹਾਊਸ ਦੀ ਦੁਕਾਨ ਵਿੱਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਮੇ ਆਇਆ। ਦੁਕਾਨ ਦੇ ਮਾਲਕ ਹਰਜਿੰਦਰ ਸਿੰਘ ਪੁੱਤਰ ਅਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਗ ਬਿਜਲੀ ਵਿਭਾਗ ਦੀ ਅਣਗਿਹਲੀ ਕਰਨ ਲੱਗੀ ਹੈ। ਜਿਸ ਸੰਬੰਧੀ ਉਹ ਪਹਿਲਾਂ ਕਈ ਵਾਰ ਬਿਜਲੀ ਵਿਭਾਗ ਨੂੰ ਸੂਚਿਤ ਕਰ ਚੁੱਕੇ ਹਨ।
ਇਲਾਕੇ 'ਚ ਨਹੀਂ ਕੋਈ ਫਾਇਰ ਬ੍ਰਿਗੇਡ: ਉਹਨਾਂ ਕਿਹਾ ਕਿ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਜਦੋਂ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਜਾਰੀ ਹੈ ਪਰ ਇੱਥੇ ਤਰਸਯੋਗ ਗੱਲ ਇਹ ਹੈ ਕਿ ਹਲਕਾ ਖੇਮਕਰਨ ਬਾਰਡਰ ਇਲਾਕਾ ਹੈ ਜਿਸ ਕਾਰਣ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਸੀ ਅਤੇ ਪੂਰੇ ਇਲਾਕੇ ਵਿੱਚ ਇੱਕ ਵੀ ਫਾਇਰ ਬ੍ਰਿਗੇਡ ਮੌਜੂਦ ਨਹੀਂ ਸੀ। ਅੱਗ ਲੱਗਣ ਕਾਰਨ ਜਿੱਥੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉੱਥੇ ਹੀ ਪਰਿਵਾਰ ਵੱਲੋਂ ਬਿਜਲੀ ਵਿਭਾਗ ਦੇ ਖਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ।
ਬੂਟ ਹਾਊਸ ਦੇ ਨਾਲ-ਨਾਲ ਘਰ ਦਾ ਵੀ ਨੁਕਸਾਨ:ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਗਰਾਊਂਡ ਫਲੌਰ ਉੱਤੇ ਬੂਟ ਹਾਊਸ ਸੀ ਜਿਸ ਵਿੱਚ ਕਰੋੜਾਂ ਦਾ ਸਮਾਨ ਸੀ। ਇਹ ਸਮਾਨ ਸ਼ਾਰਟ ਸਰਕਟ ਤੋਂ ਮਗਰੋਂ ਲੱਗੀ ਅੱਗ ਕਾਰਣ ਸੁਆਹ ਹੋ ਗਿਆ। ਪਰਿਵਾਰਕ ਮੈਂਬਰਾਂ ਮੁਤਾਬਿਕ ਅੱਗ ਉੱਤੇ ਕਾਬੂ ਨਾ ਪਾਏ ਜਾਣ ਕਾਰਣ ਉਨ੍ਹਾਂ ਦੇ ਘਰ ਦਾ ਵੀ ਨੁਕਸਾਨ ਹੋਇਆ। ਉਨ੍ਹਾਂ ਇਹ ਵੀ ਕਿਹਾ ਕਿ ਕਈ ਵਾਰ ਬਿਜਲੀ ਵਿਭਾਗ ਕੋਲ ਆਪਣੀ ਸਮੱਸਿਆ ਲੈਕੇ ਉਹ ਗਏ ਸਨ ਪਰ ਉਨ੍ਹਾਂ ਨੇ ਕਦੇ ਵੀ ਕੰਮ ਨੂੰ ਗੰਭੀਰਤਾ ਨਾਲ ਨਹੀਂ ਲਿਆ, ਜਿਸ ਕਾਰਣ ਅੱਜ ਉਨ੍ਹਾਂ ਦੀ ਸਾਰੀ ਜ਼ਿੰਦਗੀ ਦੀ ਕਮਾਈ ਤਬਾਹ ਹੋ ਗਈ ਹੈ। ਪੀੜਤ ਪਰਿਵਾਰ ਨੇ ਜਿੱਥੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਉੱਤੇ ਕਾਰਵਾਈ ਦੀ ਮੰਗ ਕੀਤੀ ਉੱਥੇ ਹੀ ਬਣਦੇ ਹਰਜਾਨੇ ਦੀ ਵੀ ਸਰਕਾਰ ਤੋਂ ਮੰਗ ਕੀਤੀ ਹੈ।
ਦੂਜੇ ਪਾਸੇ ਮੌਕੇ ਉੱਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਇਹ ਅੱਗ ਸਵੇਰੇ ਤੜਕੇ 4 ਵਜੇ ਦੇ ਕਰੀਬ ਲੱਗੀ। ਇਸ ਤੋਂ ਬਾਅਦ ਮੌਕੇ ਉੱਤੇ ਪਹੁੰਚ ਕੇ ਫਾਇਰ ਬ੍ਰਿਗੇਡ ਨੇ ਅੱਗ ਉੱਤੇ ਕਾਬੂ ਪਾਉਣ ਦੀ ਜੱਦੋ-ਜਹਿਦ ਆਰੰਭੀ। ਪੁਲਿਸ ਮੁਤਾਬਿਕ ਅੱਗ ਦੇ ਕਾਰਣਾਂ ਦਾ ਫਿਲਹਾਲ ਸਪੱਸ਼ਟ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਇਹ ਵੀ ਕਿਹਾ ਕਿ ਪਰਿਵਾਰ ਦੇ ਬਿਆਨਾਂ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।