ਪੰਜਾਬ

punjab

ETV Bharat / state

ਤਰਨਤਾਰਨ: ਡੀਸੀ ਨੇ ਕਣਕ ਦੀ ਖ਼ਰੀਦੋ-ਫ਼ਰੋਖਤ ਦਾ ਲਿਆ ਜਾਇਜ਼ਾ - ਤਰਨਤਾਰਨ ਕਣਕ ਦੀ ਖ਼ਰੀਦੋ-ਫ਼ਰੋਖਤ

ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਭਰਵਾਲ ਨੇ ਜ਼ਿਲ੍ਹੇ ਦੀ ਮੰਡੀ ਵਿਖੇ ਚੱਲ ਰਹੀ ਕਣਕ ਦੀ ਖ਼ਰੀਦੋ-ਫ਼ਰੋਖਤ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਚਿੰਤਾ ਨਾ ਕਰਨ, ਉਨ੍ਹਾਂ ਦੇ 1-1 ਦਾਣੇ ਦੀ ਖ਼ਰੀਦ ਕੀਤੀ ਜਾਵੇਗੀ।

ਡੀਸੀ ਨੇ ਤਰਨਤਾਰਨ ਵਿਖੇ ਚੱਲ ਰਹੀ ਕਣਕ ਦੀ ਖ਼ਰੀਦੋ-ਫ਼ਰੋਖਤ ਦਾ ਲਿਆ ਜਾਇਜ਼ਾ
ਡੀਸੀ ਨੇ ਤਰਨਤਾਰਨ ਵਿਖੇ ਚੱਲ ਰਹੀ ਕਣਕ ਦੀ ਖ਼ਰੀਦੋ-ਫ਼ਰੋਖਤ ਦਾ ਲਿਆ ਜਾਇਜ਼ਾ

By

Published : Apr 20, 2020, 8:29 PM IST

ਤਰਨ ਤਾਰਨ : ਪੰਜਾਬ ਸਰਕਾਰ ਦੀ ਸੂਬੇ ਵਿੱਚ ਕਣਕ ਦੀ ਨਿਰਵਿਘਨ ਤੇ ਸੁਚਾਰੂ ਖ਼ਰੀਦ ਅਤੇ ਕੋਰੋਨਾ ਵਾਇਰਸ ਦੇ ਫ਼ੈਲਾਅ ਨੂੰ ਰੋਕਣ ਲਈ ਸਮਾਜਿਕ ਦੂਰੀ ਅਤੇ ਸਿਹਤ ਵਿਭਾਗ ਦੀਆਂ ਹੋਰ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਪੱਬਾ ਭਾਰ ਹੋ ਰੱਖਿਆ ਹੈ।

ਇਸੇ ਤਹਿਤ ਡਿਪਟੀ ਕਮਿਸ਼ਨਰ ਤਰਨ ਤਾਰਨ ਪ੍ਰਦੀਪ ਕੁਮਾਰ ਸੱਭਰਵਾਲ ਨੇ ਦਾਣਾ ਮੰਡੀ ਫਤਿਆਬਾਦ ਅਤੇ ਗੋਇੰਦਵਾਲ ਸਾਹਿਬ ਦਾ ਦੌਰਾ ਕੀਤਾ। ਡੀਸੀ ਨੇ ਦਾਣਾ ਮੰਡੀ ਗੋਇੰਦਵਾਲ ਸਾਹਿਬ ਵਿਖੇ ਕਣਕ ਦੀ ਸਰਕਾਰੀ ਖ਼ਰੀਦ ਦੀ ਰਸਮੀਂ ਸ਼ੁਰੂਆਤ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਕਣਕ ਦੀ ਪਹਿਲੀ ਢੇਰੀ ਦੀ ਬੋਲੀ ਮੌਕੇ ਸੰਬਧਿਤ ਕਿਸਾਨ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ।

ਵੇਖੋ ਵੀਡੀਓ।

ਇਸ ਮੌਕੇ ਐੱਸ.ਡੀ.ਐੱਮ ਖਡੂਰ ਸਾਹਿਬ ਰਾਜੇਸ਼ ਸ਼ਰਮਾ ਤੋਂ ਇਲਾਵਾ ਸਬੰਧਿਤ ਵਿਭਾਗਾਂ ਅਤੇ ਖ਼ਰੀਦ ਏਜੰਸੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ। ਮੰਡੀਆਂ ਦੇ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਦੇ ਇੱਕ-ਇੱਕ ਦਾਣੇ ਦੀ ਸਮੇਂ ਸਿਰ ਖ਼ਰੀਦ ਨੂੰ ਯਕੀਨੀ ਬਣਾਇਆ ਜਾਵੇਗਾ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀ ਖ਼ਰੀਦੀ ਫ਼ਸਲ ਨੂੰ ਮੰਡੀਆਂ ਵਿੱਚੋਂ 48 ਘੰਟਿਆਂ ਵਿੱਚ ਚੁਕਾਈ ਕਰਨ ਦੇ ਵੀ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਉਨਾਂ ਕਿਹਾ ਕਿ ਇਸੇ ਤਰ੍ਹਾਂ ਕਿਸਾਨਾਂ ਦੀ ਫ਼ਸਲ ਦੀ ਅਦਾਇਗੀ ਨੂੰ ਵੀ 48 ਘੰਟਿਆਂ ਵਿੱਚ ਕਰਨਾ ਯਕੀਨੀ ਬਣਾਇਆ ਜਾਵੇਗਾ।

ਇਸ ਮੌਕੇ ਉਹਨਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਮੰਡੀਆਂ ਵਿੱਚ 1 ਮੀਟਰ ਦੀ ਸਮਾਜਿਕ ਦੂਰੀ ਨੂੰ ਵੀ ਬਣਾ ਕੇ ਰੱਖਿਆ ਜਾਵੇ। ਉਹਨਾਂ ਕਿਹਾ ਕਿ ਮੰਡੀਆਂ ਵਿੱਚ ਲੇਬਰ ਦੇ ਰਾਤ ਨੂੰ ਸੌਣ ਵੇਲੇ ਘੱਟੋ-ਘੱਟ 2 ਮੀਟਰ ਦੀ ਦੂਰੀ ਹੋਣੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਕਿਹਾ ਕਿ ਕਿਸਾਨਾਂ ਦੀ ਫਸਲ ਦੀ ਅਦਾਇਗੀ ਨੂੰ ਸਮੇਂ ਸਿਰ ਯਕੀਨੀ ਬਣਾਉਣ ਤੋਂ ਇਲਾਵਾ ਸੁਚਾਰੂ ਤੇ ਨਿਰਵਿਘਨ ਖ਼ਰੀਦ ਨੂੰ ਯਕੀਨੀ ਬਣਾਇਆ ਜਾਵੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਿਡ-19 ਦੇ ਚੱਲਦਿਆਂ ਮੌਜੂਦਾ ਹਲਾਤਾਂ ਨੂੰ ਦੇਖਦੇ ਹੋਏ ਮੰਡੀਆਂ ਵਿੱਚ ਹੱਥ ਧੋਣ ਦੀ ਸਹੂਲਤ, ਸਾਬਣ ਅਤੇ ਕਿਸਾਨਾਂ ਤੇ ਮਜ਼ਦੂਰਾਂ ਅਤੇ ਹੋਰਨਾਂ ਲਈ ਮਾਸਕ ਪਹਿਨਣ ਨੂੰ ਯਕੀਨੀ ਬਣਾਇਆ ਜਾਵੇ। ਉਨਾਂ ਕਿਹਾ ਕਿ ਇਹ ਸਾਰੇ ਕਦਮ ਕਿਸਾਨਾਂ ਦੀ ਫ਼ਸਲ ਦੀ ਨਿਰਵਿਘਨ ਖ਼ਰੀਦ ਅਤੇ ਫਸਲ ਦੀ ਸਮੇਂ ਸਿਰ ਅਦਾਇਗੀ ਹੋਣ ਨੂੰ ਦੇਖਦਿਆਂ ਉਠਾਏ ਗਏ ਹਨ।

ਇਸ ਮੌਕੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਣਕ ਦੀ ਖਰੀਦ ਪ੍ਰਕਿਰਿਆ ਦੌਰਾਨ ਉਹਨਾਂ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।

ABOUT THE AUTHOR

...view details