ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਜੇ ਪਿੰਡ ਪੰਡੋਰੀ ਰਣ ਸਿੰਘ ਦੀ ਨਿਮਰਤਾ ਕੌਰ ਰੰਧਾਵਾ (ਨਿੱਕੀ ਹੇਲੀ), ਜਿਸ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲੜਣ ਦਾ ਐਲਾਨ ਕੀਤਾ ਗਿਆ ਹੈ। ਨਿੱਕੀ ਹੇਲੀ ਦੇ ਪਿੰਡ ਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਹੈ। ਪਿੰਡ ਵਾਸੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕੀਤੀ ਹੈ ਕਿ ਨਿੱਕੀ ਹੇਲੀ ਨੂੰ ਹੀ ਪਾਰਟੀ ਵੱਲੋਂ ਟਿਕਟ ਦੀ ਦਾਅਵੇਦਾਰ ਬਣਾਇਆ ਜਾਵੇ। ਹਾਲਾਂਕਿ ਰਿਪਬਲਿਕਨ ਪਾਰਟੀ ਨੇ ਹਾਲੇ ਆਪਣੇ ਉਮੀਦਵਾਰ ਬਾਰੇ ਫੈਸਲਾ ਕਰਨਾ ਹੈ। ਉਨ੍ਹਾਂ ਤੋਂ ਇਲਾਵਾ ਪਾਰਟੀ ਦੇ ਹੋਰ ਮੈਂਬਰ ਅਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਪਹਿਲਾਂ ਹੀ ਆਪਣੀ ਉਮੀਦਵਾਰੀ ਦਾ ਐਲਾਨ ਕਰ ਚੁੱਕੇ ਹਨ।
ਇਸ ਮੌਕੇ ਗੱਲਬਾਤ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਨਿੱਕੀ ਹੇਲੀ ਦੇ ਦਾਦਾ ਜੀ ਪਿੰਡ ਦੇ ਸਰਪੰਚ ਵੀ ਰਹਿ ਚੁੱਕੇ ਹਨ ਅਤੇ ਕੁਝ ਸਮੇਂ ਬਾਅਦ ਉਨ੍ਹਾਂ ਦਾ ਪਰਿਵਾਰ ਇਥੋਂ ਅੰਮ੍ਰਿਤਸਰ ਚਲਾ ਗਿਆ। ਪਿੰਡ ਵਾਲਿਆਂ ਨੇ ਦੱਸਿਆ ਕਿ ਨਿਮਰਤਾ ਕੌਰ ਜਦੋਂ ਤਿੰਨ ਸਾਲ ਦੀ ਸੀ ਤਾਂ ਆਪਣੇ ਮਾਤਾ ਪਿਤਾ ਨਾਲ ਪਿੰਡ ਆਈ ਸੀ ਅਤੇ ਜਦ ਅਮਰੀਕਾ ਦੀ ਗਵਰਨਰ ਬਣੀ ਸੀ ਤਾਂ ਉਸ ਸਮੇਂ ਵੀ ਪਿੰਡ ਵਿਚ ਖੁਸ਼ੀ ਮਨਾਈ ਗਈ ਸੀ। ਅੱਜ ਰਾਸ਼ਟਰਪਤੀ ਦੀ ਚੋਣ ਲੜਨ ਦੇ ਐਲਾਨ ਮਗਰੋਂ ਪਿੰਡ ਵਿਚ ਫਿਰ ਖੁਸ਼ੀ ਦਾ ਮਾਹੌਲ ਹੈ।