ਅੰਮ੍ਰਿਤਸਰ : ਪਿਛਲੇ ਦਿਨੀਂ ਇੱਕ ਗੁਰਸਿੱਖ ਬੱਚਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਆਪਣੇ ਸਿੱਖੀ ਸਰੂਪ ਅਤੇ ਤੀਰ ਰੱਖਣ ਕਰ ਕੇ ਕਾਫ਼ੀ ਚਰਚਾ ਵਿੱਚ ਆਇਆ ਸੀ। ਉਸ ਬੱਚੇ ਨੂੰ ਸਿੱਖ ਸੰਗਤਾਂ ਅਤੇ ਮੀਡੀਆ ਨੇ ਬਹੁਤ ਮਾਣ-ਤਾਣ ਦਿੱਤਾ ਸੀ।
ਉਸੇ ਤਰ੍ਹਾਂ ਹੀ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਡੱਲ ਦਾ ਰਹਿਣ ਵਾਲਾ ਇੱਕ ਹੋਰ ਪੂਰਨ ਗੁਰਸਿੱਖ ਬੱਚਾ ਈਟੀਵੀ ਭਾਰਤ ਦੇ ਕੈਮਰੇ ਦੇ ਸਾਹਮਣੇ ਆਇਆ ਹੈ।
ਕਹਿੰਦੇ ਹਨ ਕਿ ਬੱਚੇ ਹਰ ਕੌਮ ਦਾ ਇੱਕ ਅਨਿੱਖੜਵਾਂ ਅੰਗ ਹੁੰਦੇ ਹਨ, ਬੱਚਿਆਂ ਨੂੰ ਬਚਪਨ ਤੋਂ ਹੀ ਸਿੱਖੀ ਵਿੱਚ ਪ੍ਰਪੱਕ ਕਰ ਦੇਣ ਨਾਲ ਉਹ ਮਾੜੀ ਸੰਗਤ ਅਤੇ ਨਸ਼ਿਆਂ ਤੋਂ ਦੂਰ ਰਹਿੰਦੇ ਹਨ।
ਬੱਚੇ ਦੇ ਪਿਤਾ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਬੱਚੇ ਦਾ ਨਾਂਅ ਸਿਮਰਨਜੀਤ ਸਿੰਘ ਹੈ, ਜੋ ਕਿ ਮਹਿਜ਼ ਸਾਢੇ ਕੁ 6 ਸਾਲ ਦਾ ਹੈ। ਇਸ ਨੂੰ ਬਾਣਾ ਪਾਉਣ ਅਤੇ ਸ਼ਸਤਰ ਰੱਖਣ ਦਾ ਬਹੁਤ ਸ਼ੌਂਕ ਹੈ ਅਤੇ ਇਹ ਬਿਨ੍ਹਾਂ ਸ਼ੀਸ਼ੇ ਦੇਖਿਆਂ ਹੀ ਸਿਰ ਉੱਤੇ ਦੁਮਾਲਾ ਸਜਾ ਲੈਂਦਾ ਹੈ।