ਤਰਨਤਾਰਨ: ਪਿੰਡ ਜੋਹਲ ਢਾਏ ਵਾਲਾ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਇੱਕ ਘਰ ਵਿੱਚੋਂ 20 ਤੋਲੇ ਸੋਨੇ ਦੇ ਗਹਿਣੇ ਅਤੇ 50 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ ਹੈ। ਚੋਰੀ ਹੋਏ ਗਹਿਣਿਆਂ ਦੀ ਬਾਜ਼ਾਰੀ ਕੀਮਤ 10 ਲੱਖ ਤੋਂ ਵਧੇਰੇ ਬਣਦੀ ਦੱਸੀ ਜਾਂਦੀ ਹੈ। ਚੋਰਾਂ ਨੇ ਘਟਨਾ ਨੂੰ ਰਾਤ ਨੂੰ ਉਸ ਸਮੇਂ ਅੰਜਾਮ ਦਿੱਤਾ ਜਦੋਂ ਪਰਿਵਾਰਕ ਮੈਂਬਰ ਗਰਮੀ ਹੋਣ ਕਾਰਨ ਘਰ ਦੇ ਵਿਹੜੇ ਵਿੱਚ ਸੁੱਤੇ ਪਏ ਸਨ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਤਫ਼ਤੀਸ਼ ਆਰੰਭ ਦਿੱਤੀ ਹੈ।
ਪਿੰਡ ਜੌਹਲ ਖਾਏ ਵਾਲਾ ਵਿਖੇ ਕਸ਼ਮੀਰ ਸਿੰਘ ਦੇ ਘਰ ਹੋਈ ਚੋਰੀ ਸਬੰਧੀ ਉਸਦੇ ਲੜਕੇ ਹਰਪਾਲ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਘਟਨਾ ਨੂੰ ਉਸ ਸਮੇਂ ਅੰਜਾਮ ਦਿੱਤੇ ਜਦੋਂ ਉਹ ਰਾਤ ਸਮੇਂ ਘਰ ਦੇ ਵਿਹੜੇ ਵਿੱਚ ਸੁੱਤੇ ਪਏ ਸਨ। ਉਸ ਨੇ ਦੱਸਿਆ ਕਿ ਬੀਤੇ ਦਿਨ ਰਾਤ ਨੂੰ ਉਹ 9 ਵਜੇ ਦੇ ਲਗਭਗ ਖੇਤਾਂ ਵਿੱਚ ਗੇੜਾ ਲਾ ਕੇ ਘਰ ਆਇਆ ਅਤੇ ਰੋਟੀ ਖਾ ਕੇ ਸਾਰੇ ਮੈਂਬਰ ਸੋ ਗਏ। ਇਸ ਦੌਰਾਨ ਹੀ ਚੋਰ ਕੰਧ ਟੱਪ ਕੇ ਵਾਰਦਾਤ ਨੂੰ ਅੰਜਾਮ ਦੇ ਗਏ। ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਚੋਰਾਂ ਬਾਰੇ ਭਿਣਕ ਤੱਕ ਨਹੀਂ ਲੱਗੀ।