ਤਰਨਤਾਰਨ: ਥਾਣਾ ਕੱਚਾ ਪੱਕਾ ਅਧੀਨ ਪੈਂਦੇ ਪਿੰਡ ਮੱਖੀ ਮਰਗਿੰਦਪੁਰਾ ਵਿਖੇ ਇੱਕ ਦਿਲ ਕੰਬਾਊ ਘਟਨਾ ਵਾਪਰੀ ਹੈ। ਜਿੱਥੇ ਨਸ਼ੇ 'ਚ ਇੱਕ ਪਤੀ ਨੇ ਆਪਣੀ ਪਤਨੀ ਨੂੰ ਹਥੌੜੇ ਨਾਲ ਮਾਰ ਕੇ ਕਤਲ ਕਰ ਦਿੱਤਾ ਹੈ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਅਰੰਭ ਦਿੱਤੀ ਹੈ।
ਤਰਨਤਾਰਨ: ਨਸ਼ੇੜੀ ਪਤੀ ਨੇ ਪਤਨੀ ਦਾ ਹਥੌੜੇ ਮਾਰ ਕੇ ਕੀਤਾ ਕਤਲ ਮ੍ਰਿਤਕ ਮਹਿਲਾ ਸੰਦੀਪ ਕੌਰ ਦੇ ਭਰਾ ਹਰਪ੍ਰੀਤ ਸਿੰਘ ਅਤੇ ਮਾਤਾ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਜਵਾਈ ਗੁਰਸਾਹਿਬ ਸਿੰਘ ਉਰਫ਼ ਸਾਬਾ ਨਸ਼ੇ ਕਰਨ ਦਾ ਆਦੀ ਹੈ, ਜੋ ਨਸ਼ੇ ਦੀ ਪੂਰਤੀ ਲਈ ਆਪਣੀ ਜ਼ਮੀਨ ਵੇਚਦਾ ਆ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਗੁਰਸਾਹਿਬ ਸਿੰਘ ਦੀ ਸਹਿਮਤੀ ਨਾਲ ਜ਼ਮੀਨ ਉਸ ਦੇ ਬੱਚਿਆਂ ਦੇ ਨਾਂਅ ਲਗਵਾ ਦਿੱਤੀ ਸੀ। ਇਸ ਪਿੱਛੋਂ ਗੁਰਸਾਹਿਬ ਸਿੰਘ ਆਪਣੀ ਪਤਨੀ ਸੰਦੀਪ ਕੌਰ ਨਾਲ ਰੋਜ਼ ਲੜਾਈ-ਝਗੜਾ ਕਰਨ ਲੱਗਾ ਅਤੇ ਅਤੇ 6 ਹਜ਼ਾਰ ਰੁਪਏ ਰੋਜ਼ਾਨਾ ਦੀ ਮੰਗ ਕਰਨ ਲੱਗ ਪਿਆ।
ਗੁਰਸਾਹਿਬ ਸਿੰਘ ਨੇ ਇਸ ਸਬੰਧੀ ਜ਼ਮੀਨ ਦੁਬਾਰਾ ਆਪਣੇ ਨਾਂਅ ਕਰਵਾਉਣ ਲਈ ਐਸਡੀਐਮ ਦਫ਼ਤਰ ਵਿੱਚ ਵੀ ਕੇਸ ਦਾਇਰ ਕੀਤਾ ਪਰ ਐਸਡੀਐਮ ਨੇ ਜ਼ਮੀਨ ਬੱਚਿਆਂ ਦੇ ਨਾਂਅ ਹੀ ਰਹਿਣ ਦਿੱਤੀ ਅਤੇ ਗੁਰਸਾਹਿਬ ਸਿੰਘ ਨੂੰ 6 ਹਜ਼ਾਰ ਰੁਪਏ ਮਹੀਨਾ ਖ਼ਰਚਾ ਬੰਨ੍ਹ ਦਿੱਤਾ। ਇਸੇ ਗੱਲ ਨੂੰ ਲੈ ਕੇ ਗੁਰਸਾਹਿਬ ਸਿੰਘ ਨੇ ਲੜਾਈ-ਝਗੜੇ ਦੇ ਚਲਦਿਆਂ ਬੀਤੇ ਦਿਨ ਆਪਣੀ ਪਤਨੀ ਸੰਦੀਪ ਕੌਰ ਦੇ ਸਿਰ ਵਿੱਚ ਹਥੌੜੇ ਮਾਰ ਕੇ ਉਸ ਦਾ ਕਤਲ ਕਰ ਦਿੱਤਾ।
ਪੀੜਤ ਪਰਿਵਾਰ ਨੇ ਕਿਹਾ ਕਿ ਪਿੰਡ ਦੇ ਚਾਰ-ਪੰਜ ਵਿਅਕਤੀ ਵੀ ਗੁਰਸਾਹਿਬ ਸਿੰਘ ਦੀ ਮਦਦ ਕਰ ਰਹੇ ਸਨ। ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਗੁਰਸਾਹਿਬ ਸਿੰਘ ਦੇ ਨਾਲ ਉਸਦਾ ਸਾਥ ਦੇਣ ਵਾਲਿਆਂ ਵਿਰੁੱਧ ਵੀ ਕੇਸ ਦਰਜ ਕੀਤਾ ਜਾਵੇ।
ਉਧਰ, ਜਦ ਇਸ ਸਬੰਧੀ ਥਾਣਾ ਕੱਚਾ ਪੱਕਾ ਦੇ ਐਸਐਚਓ ਗੁਰਨੇਕ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਮਹਿਲਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਗੁਰਸਾਹਿਬ ਸਿੰਘ ਅਤੇ ਤਿੰਨ-ਚਾਰ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਗੁਰਸਾਹਿਬ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।