ਕਾਰ ਸਵਾਰ ਵਿਅਕਤੀਆਂ ਵੱਲੋਂ ਜਿਮ ਮਾਲਕ ਦੀ ਬੇਰਹਿਮੀ ਨਾਲ ਕੁੱਟਮਾਰ ਤਰਨ ਤਾਰਨ:ਕਸਬਾ ਅਲਗੋਂ ਕੋਠੀ ਵਿਖੇ ਕੁੱਝ ਕਾਰ ਸਵਾਰ ਵਿਅਕਤੀਆਂ ਵੱਲੋਂ ਜ਼ਿਮ ਚਲਾਉਂਦੇ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਿਸ ਦੀਆਂ ਤਸਵੀਰਾਂ, ਨੇੜੇ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਜਿਮ ਦੇ ਮਾਲਕ ਨੌਜਵਾਨ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਅਲਗੋਂ ਕੋਠੀ ਵਿਖੇ ਜਿਮ ਚਲਾਉਂਦਾ ਹੈ ਅਤੇ ਘਟਨਾ ਦੇ ਸਮੇਂ ਜਿਮ ਦਾ ਕੁੱਝ ਸਮਾਨ ਲੈਣ ਲਈ ਉਹ ਅੰਮ੍ਰਿਤਸਰ ਚੱਲਾ ਸੀ।
ਕਾਰ ਵਿੱਚ ਆਏ ਨੌਜਵਾਨਾਂ ਵਲੋਂ ਗੁੰਡਾਗਰਦੀ:ਜਖਮੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਜਿਮ ਤੋ ਬਾਹਰ ਨਿਕਲਿਆ, ਤਾਂ ਕੁਝ ਕਾਰ ਸਵਾਰ ਨੌਜਵਾਨ ਆਏ ਅਤੇ ਉਸ ਦੀ ਕੁੱਟਮਾਰ ਕਰਨ ਲੱਗ ਪਏ। ਜਦ ਉਹ ਬੇਹੋਸ਼ ਹੋ ਕੇ ਥੱਲੇ ਡਿੱਗ ਪਿਆ ਤਾਂ ਕਾਰ ਸਵਾਰ ਨੌਜਵਾਨ ਉਥੋਂ ਫ਼ਰਾਰ ਹੋ ਗਏ। ਗੁਰਵਿੰਦਰ ਸਿੰਘ ਨੇ ਦੱਸਿਆ ਕਿ ਕਾਰ ਸਵਾਰ ਵਿਅਕਤੀਆਂ ਵੱਲੋਂ ਕੀਤੀ ਗਈ ਕੁੱਟਮਾਰ ਦੀ ਵੀਡੀਓ ਉਨ੍ਹਾਂ ਦੀ ਦੁਕਾਨ ਦੇ ਨਾਲ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਪੀੜਤ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮੇਰੇ ਉਨ੍ਹਾਂ ਨੌਜਵਾਨਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਨਾ ਹੀ ਕਿਸੇ ਨਾਲ ਕੋਈ ਰੰਜਿਸ਼ ਹੈ। ਨਾਜਾਇਜ਼ ਕੁੱਟਮਾਰ ਕੀਤੀ ਗਈ। ਪੀੜਤ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਾਰੀ ਘਟਨਾ ਸਬੰਧੀ ਉਨ੍ਹਾਂ ਵੱਲੋਂ ਤੁਰੰਤ ਪੁਲਿਸ ਚੌਕੀ ਅਲਗੋਂ ਕੋਠੀ ਵਿਖੇ ਇਤਲਾਹ ਕਰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਮੌਕੇ ਉੱਤੇ ਪਹੁੰਚੀ। ਪੁਲਿਸ ਵੱਲੋਂ ਉਨ੍ਹਾਂ ਨੂੰ ਸਿਵਲ ਹਸਪਤਾਲ ਪੱਟੀ ਵਿਖੇ ਦਾਖਲ ਕਰਵਾਇਆ ਗਿਆ ਹੈ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗੁਰਵਿੰਦਰ ਸਿੰਘ ਦੇ ਦੋਸਤ ਸੋਨੂੰ ਨੇ ਵੀ ਦੱਸਿਆ ਕਿ ਗੁਰਵਿੰਦਰ ਸਿੰਘ ਦੇ ਹੀ ਪਿੰਡ ਦੇ ਕੁਝ ਨੌਜਵਾਨਾਂ ਵਲੋਂ ਉਸ ਉੱਤੇ ਹਮਲਾ ਕੀਤਾ ਗਿਆ ਹੈ। ਗੁਰਵਿੰਦਰ ਉਸ ਸਮੇਂ ਅਜੇ ਜਿਮ ਚੋਂ ਬਾਹਰ ਆਪਣੀ ਕਾਰ ਵੱਲ ਆਇਆ ਸੀ। ਉਹ ਬਾਜ਼ਾਰ ਸਪਲੀਮੈਂਟ ਵਗੈਰਹ ਲੈਣ ਚੱਲਾ ਸੀ, ਪਰ ਕੁਝ ਨੌਜਵਾਨਾਂ ਨੇ ਆ ਕੇ ਉਸ ਉਫਰ ਹਮਲਾ ਕਰ ਦਿੱਤਾ। ਸੋਨੂੰ ਨੇ ਕਿਹਾ ਕਿ ਸ਼ਰੇਆਮ ਗੁੰਡਾਗਰਦੀ ਕੀਤੀ ਗਈ ਹੈ, ਪੁਲਿਸ ਨੂੰ ਜਲਦ ਕਾਰਵਾਈ ਕਰਨੀ ਚਾਹੀਦੀ ਹੈ।
ਪੂਰੇ ਮਾਮਲੇ ਦੀ ਜਾਂਚ ਜਾਰੀ: ਉਧਰ, ਇਸ ਸਾਰੇ ਮਾਮਲੇ ਨੂੰ ਲੈਕੇ ਅਲਗੋਂ ਕੋਠੀ, ਪੁਲਿਸ ਚੌਂਕੀ ਦੇ ਇੰਚਾਰਜ ਗੱਜਣ ਸਿੰਘ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਕੁੱਟਮਾਰ ਕਰਨ ਵਾਲੇ ਕਾਰ ਸਵਾਰ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਵਿੱਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।