ਪਾਵਰਕਾਮ ਦੇ ਐੱਸਸੀ ਦੀ ਬਦਲੀ 'ਤੇ ਛਿੜਿਆ ਵਿਵਾਦ, ਕਿਸਾਨ ਜਥੇਬੰਦੀ ਨੇ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ ਤਰਨਤਾਰਨ :ਜ਼ਿਲ੍ਹਾ ਤਰਨਤਾਰਨ ਪਾਵਰਕਾਮ ਦੇ ਐੱਸਸੀ ਗੁਰਸ਼ਰਨ ਸਿੰਘ ਖਹਿਰਾ ਦੀ ਬਦਲੀ ਨੂੰ ਲੈ ਕੇ ਤਰਨਤਾਰਨ ਵਿੱਚ ਵਿਵਾਦ ਛਿੜਿਆ ਹੋਇਆ ਹੈ। ਕਿਸਾਨ ਜਥੇਬੰਦੀਆਂ ਐੱਸਸੀ ਗੁਰਸ਼ਰਨ ਸਿੰਘ ਖਹਿਰਾ ਦੇ ਹੱਕ ਵਿੱਚ ਨਿੱਤਰ ਰਹੀਆਂ ਹਨ, ਜਿਸ ਨੂੰ ਲੈ ਕੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਨੇ ਪਿੰਡ ਘਰਿਆਲਾ ਦੀ ਦਾਣਾ ਮੰਡੀ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਭ੍ਰਿਸ਼ਟਾਚਾਰੀਆਂ ਨੂੰ ਫੜਨ ਦੀ ਥਾਂ ਇਮਾਨਦਾਰ ਅਧਿਕਾਰੀਆਂ ਦੀ ਬਦਲੀ ਕਰ ਰਹੀ ਸਰਕਾਰ :ਇਸ ਉਪਰੰਤ ਗੱਲਬਾਤ ਕਰਦੇ ਹੋਏ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਸੀਨੀਅਰ ਮੀਤ ਪ੍ਰਧਾਨ ਸੁਖਤਵੰਤ ਸਿੰਘ ਦੁੱਬਲੀ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੇ ਸੂਬਾ ਖ਼ਜ਼ਾਨਚੀ ਕਾਰਜ ਸਿੰਘ ਘਰਿਆਲਾ, ਕਰਮਜੀਤ ਸਿੰਘ, ਤਲਵੰਡੀ ਦੇ ਪ੍ਰਧਾਨ ਹਰਪਾਲ ਸਿੰਘ ਘਰਿਆਲਾ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਜਨਤਾ ਨਾਲ ਵੱਡੇ-ਵੱਡੇ ਵਾਅਦੇ ਕਰਦਿਆਂ ਕਿਹਾ ਸੀ ਕਿ ਪੰਜਾਬ ਵਿਚ ਇਮਾਨਦਾਰ ਪਾਰਟੀ ਦੀ ਸਰਕਾਰ ਆਵੇਗੀ ਅਤੇ ਕਿਸੇ ਵੀ ਭ੍ਰਿਸ਼ਟ ਅਫ਼ਸਰ ਨੂੰ ਬਖਸ਼ਿਆ ਨਹੀਂ ਜਾਵੇਗਾ ਪਰ ਉਲਟਾ ਪੰਜਾਬ ਸਰਕਾਰ ਇਮਾਨਦਾਰ ਅਫਸਰਾਂ ਨੂੰ ਬਦਲ ਰਹੀ ਹੈ।
ਉਨ੍ਹਾਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਤੋਂ ਰੋਕ ਰਹੀ ਹੈ, ਜਿਸ ਦੀ ਮਿਸਾਲ ਹੈ ਕਿ ਜ਼ਿਲ੍ਹਾ ਤਰਨਤਾਰਨ ਵਿਚ ਤਾਇਨਾਤ ਪਾਵਰਕਾਮ ਦੇ ਐੱਸਸੀ ਗੁਰਸ਼ਰਨ ਸਿੰਘ ਖਹਿਰਾ, ਜੋ ਕਿ ਪੂਰੇ ਜ਼ਿਲ੍ਹੇ ਵਿਚ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾ ਰਹੇ ਹਨ, ਪਰ ਪੰਜਾਬ ਸਰਕਾਰ ਨੂੰ ਉਨ੍ਹਾਂ ਦੀ ਇਮਾਨਦਾਰੀ ਹਜ਼ਮ ਨਹੀਂ ਹੋ ਰਹੀ, ਜਿਸ ਕਰਕੇ ਕੋਈ ਬਹਾਨਾ ਲਾ ਕੇ ਸਰਕਾਰ ਐੱਸਸੀ ਗੁਰਸ਼ਰਨ ਸਿੰਘ ਖਹਿਰਾ ਦੀ ਬਦਲੀ ਕਰਨ ਉਤੇ ਤੁਲੀ ਹੋਈ ਹੈ, ਜੋ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਕਦੇ ਬਰਦਾਸ਼ਤ ਨਹੀਂ ਕਰੇਗੀ।
ਇਹ ਵੀ ਪੜ੍ਹੋ :Bathinda Military Station Firing: ਪੁਲਿਸ ਨੇ ਸ਼ੱਕੀਆਂ ਕੋਲੋਂ ਪੁੱਛਗਿੱਛ ਲਈ ਫੌਜ ਅਫ਼ਸਰਾਂ ਨੂੰ ਲਿੱਖਿਆ ਪੱਤਰ
ਜੇਕਰ ਗੁਰਸ਼ਰਨ ਸਿੰਘ ਦੀ ਬਦਲੀ ਕੀਤੀ ਤਾਂ ਕਰਾਂਗੇ ਸੰਘਰਸ਼ :ਉਕਤ ਆਗੂਆਂ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਗੁਰਸ਼ਰਨ ਸਿੰਘ ਖਹਿਰਾ ਦੀ ਬਦਲੀ ਕੀਤੀ ਤਾਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਇਸਦਾ ਵਿਰੋਧ ਕਰਦੇ ਹੋਏ ਸੜਕਾਂ ਉਤੇ ਉਤਰੇਗੀ, ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਨਾਅਰੇਬਾਜ਼ੀ ਦੌਰਾਨ ਉਕਤ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਬੀਤੇ ਦਿਨੀਂ ਹੋਈ ਭਾਰੀ ਬਾਰਸ਼ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਪ੍ਰਭਾਵਿਤ ਹੋਈਆਂ ਹਨ ਅਤੇ ਕਣਕ ਦਾ ਝਾੜ ਕਾਫ਼ੀ ਘਾਟਾ ਹੋ ਚੁੱਕਾ ਹੈ, ਜਿਸ ਕਰਕੇ ਪੰਜਾਬ ਦਾ ਕਿਸਾਨ ਕਰਜ਼ੇ ਦੀ ਮਾਰ ਹੇਠਾਂ ਆ ਰਿਹਾ ਹੈ, ਜਿਸ ਕਰਕੇ ਪੰਜਾਬ ਸਰਕਾਰ ਨੂੰ ਤੁਰੰਤ ਮੁਆਵਜ਼ਾ ਜਾਰੀ ਕਰਨਾ ਚਾਹੀਦਾ ਹੈ ਤਾਂ ਜੋ ਕਿਸਾਨ ਸੁੱਖ ਦਾ ਸਾਹ ਲੈ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਇਸਦਾ ਵੱਡੇ ਪੱਧਰ ਤੇ ਵਿਰੋਧ ਕੀਤਾ ਜਾਵੇਗਾ।