ਤਰਨਤਾਰਨ: ਪ੍ਰਸਿੱਧ ਗਾਇਕ ਸੁਰਜੀਤ ਭੁੱਲਰ ਦੇ ਭਰਾ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋਣ ਦੀ ਸੂਚਨਾ ਹੈ। ਮ੍ਰਿਤਕ ਪੰਜਾਬ ਪੁਲਿਸ ਵਿੱਚ ਸਬ-ਇੰਸਪੈਕਟਰ ਤਾਇਨਾਤ ਸੀ ਅਤੇ ਲੰਘੀ ਦੇਰ ਸ਼ਾਮ ਉਹ ਬਰੀਜ਼ਾ ਕਾਰ 'ਤੇ ਸਵਾਰ ਹੋ ਕੇ ਆਪਣੇ ਪਿੰਡ ਚੇਲਾ ਜਾ ਰਿਹਾ ਸੀ। ਪੁਲਿਸ ਨੇ ਟਰੱਕ ਕਬਜ਼ੇ ਵਿੱਚ ਲੈ ਕੇ ਕਾਰਵਾਈ ਅਰੰਭ ਦਿੱਤੀ ਹੈ। ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਹੈ।
ਮੌਕੇ 'ਤੇ ਮ੍ਰਿਤਕ ਦੇ ਚਚੇਰੇ ਭਰਾ ਪਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਖ਼ਸ਼ੀਸ਼ ਸਿੰਘ ਤਰਨਤਾਰਨ ਵਿਖੇ ਡਿਊਟੀ 'ਤੇ ਸਬ-ਇੰਸਪੈਕਟਰ ਵੱਜੋਂ ਤਾਇਨਾਤ ਸੀ ਅਤੇ ਸ਼ਾਮ 6 ਕੁ ਵਜੇ ਆਪਣੀ ਬਰੀਜ਼ਾ ਕਾਰ ਨੰਬਰ ਪੀਬੀ46-ਏਡੀ-7275 'ਤੇ ਸਵਾਰ ਹੋ ਕੇ ਤਰਨਤਾਰਨ ਤੋਂ ਪਿੰਡ ਚੇਲਾ ਵਿਖੇ ਜਾ ਰਿਹਾ ਸੀ।
ਗਾਇਕ ਸੁਰਜੀਤ ਭੁੱਲਰ ਦੇ ਭਰਾ ਦੀ ਹਾਦਸੇ 'ਚ ਮੌਤ ਉਨ੍ਹਾਂ ਦੱਸਿਆ ਕਿ ਜਦੋਂ ਬਖਸ਼ੀਸ਼ ਸਿੰਘ ਸਿੰਘਪੁਰਾ ਦੇ ਪੈਟਰੋਲ ਪੰਪ ਕੋਲ ਪੁੱਜਾ ਤਾਂ ਸਾਹਮਣਿਓ ਗ਼ਲਤ ਪਾਸੇ ਤੋਂ ਆ ਰਹੇ ਟਰੱਕ ਨੇ ਕਾਰ ਨੂੰ ਸਿੱਧੀ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਬਖਸ਼ੀਸ਼ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸ ਨੂੰ ਭਿੱਖੀਵਿੰਡ ਦੇ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿਥੇ ਇਲਾਜ਼ ਦੌਰਾਨ ਦੇਰ ਸ਼ਾਮ ਉਸ ਦੀ ਮੌਤ ਹੋ ਗਈ।
ਉੱਧਰ, ਜਾਂਚ ਅਧਿਕਾਰੀ ਏਐਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਬਖਸ਼ੀਸ਼ ਸਿੰਘ ਦੇ ਚਚੇਰੇ ਭਰਾ ਪਲਵਿੰਦਰ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਚੇਲਾ ਦੇ ਬਿਆਨਾਂ ਉੱਤੇ ਕਥਿਤ ਦੋਸ਼ੀ ਟਰੱਕ ਚਾਲਕ ਵਿਰੁੱਧ ਕੇਸ ਦਰਜ ਕਰ ਕੇ ਟਰੱਕ ਕਬਜ਼ੇ ਵਿੱਚ ਲੈ ਲਿਆ ਹੈ। ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੈ, ਜਿਸ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।