ਤਰਨ ਤਾਰਨ: ਜ਼ਿਲ੍ਹੇ ਅਧੀਨ ਆਉਂਦੇ ਪਿੰਡ ਸੰਗਤਪੁਰ ਦੇ ਸਾਬਕਾ ਸਰਪੰਚ ਚਮਕੌਰ ਸਿੰਘ ਦੇ ਘਰ ਉੱਤੇ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਗੋਲੀਆਂ ਦੇ ਚੱਲਣ ਨਾਲ ਪਿੰਡ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ। ਇਹ ਗੋਲੀਆਂ ਅਣਪਛਾਤੇ ਵਿਅਕਤੀਆਂ ਵੱਲੋਂ ਚਲਾਈਆਂ ਗਈਆਂ ਹਨ।
ਸਾਬਕਾ ਸਰਪੰਚ ਚਮਕੌਰ ਸਿੰਘ ਨੇ ਕਿਹਾ ਕਿ ਬੀਤੀ ਸ਼ਾਮ ਨੂੰ 5 ਵਜੇ ਦੇ ਕਰੀਬ ਮੋਟਰ ਸਾਈਕਲ ਸਵਾਰ ਚਾਰ ਵਿਅਕਤੀਆਂ ਨੇ ਉਨ੍ਹਾਂ ਦੇ ਘਰ ਵਿੱਚ ਦਾਖਲ ਹੋ ਕੇ ਉਨ੍ਹਾਂ ਦੇ ਘਰ ਉੱਤੇ ਗੋਲੀਆਂ ਨਾਲ ਹਮਲਾ ਕੀਤਾ। ਹਮਲਾਵਰਾਂ ਨੇ ਉਨ੍ਹਾਂ ਦੇ ਘਰ ਉੱਤੇ ਗੋਲੀਆਂ ਚਲਾਈਆਂ ਤੇ ਬਾਅਦ ਵਿੱਚ ਹਵਾਈ ਫਾਈਰ ਕੀਤੇ ਜਿਸ ਤੋਂ ਬਾਅਦ ਉਹ ਫਰਾਰ ਹੋ ਗਏ। ਉਨ੍ਹਾਂ ਨੇ ਕਿਹਾ ਕਿ ਹਮਲਾਵਰਾਂ ਦਾ ਮੁੰਹ ਢੱਕਿਆ ਹੋਇਆ ਸੀ ਤੇ ਉਨ੍ਹਾਂ ਕੋਲ ਇੱਕ ਸਪਲੈਂਡਰ ਮੋਟਰ ਸਾਈਕਲ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਪੁਰਾਣੀ ਰੰਜ਼ਿਸ਼ ਵੀ ਨਹੀਂ ਹੈ ਫਿਰ ਪਤਾ ਨਹੀਂ ਉਨ੍ਹਾਂ ਦੇ ਘਰ ਉੱਤੇ ਇਹ ਹਮਲਾ ਕਿਉਂ ਹੋਇਆ। ਉਨ੍ਹਾਂ ਨੇ ਕਿਹਾ ਕਿ ਜਦੋਂ ਇਹ ਹਮਲਾ ਹੋਇਆ ਉਦੋਂ ਉਨ੍ਹਾਂ ਦਾ ਪੂਰਾ ਪਰਿਵਾਰ ਘਰ ਵਿੱਚ ਮੌਜੂਦ ਸੀ ਪਰ ਇਸ ਹਮਲੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।