ਤਰਨ ਤਾਰਨ: ਰਾਜ ਭਰ `ਚ ਅੱਜ ਤੋਂ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਰਕਾਰੀ ਸਕੂਲ ਖੋਲ੍ਹ ਦਿੱਤੇ ਗਏ ਹਨ। ਸਕੂਲ ਖੁੱਲ੍ਹਣ ਨੂੰ ਲੈ ਕੇ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ `ਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਕੋਵਿਡ-19 ਤੋਂ ਬਚਾਅ ਸਬੰਧੀ ਸਰਕਾਰੀ ਸਕੂਲ ਮੁਖੀਆਂ ਵੱਲੋਂ ਸਫਾਈ, ਵਿਸ਼ਾਣੂ ਰਹਿਤ ਕਰਨ ਅਤੇ ਸਮਾਜਿਕ ਦੂਰੀ ਨੂੰ ਧਿਆਨ `ਚ ਰੱਖਣ ਸਬੰਧੀ ਪ੍ਰਕਿਰਿਆ ਸੁਚਾਰੂ ਰੂਪ `ਚ ਚਲਾਉਣ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।
ਰਾਜ ਭਰ ਵਿੱਚ ਅੱਜ ਤੋਂ ਖੁੱਲ੍ਹੇ ਸਰਕਾਰੀ ਸਕੂਲ
ਅੱਜ ਤੋਂ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਰਕਾਰੀ ਸਕੂਲ ਖੋਲ੍ਹ ਦਿੱਤੇ ਗਏ ਹਨ।
ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸਤਨਾਮ ਸਿੰਘ ਬਾਠ ਅਨੁਸਾਰ ਕੋਵਿਡ-19 ਸਬੰਧੀ ਸਾਵਧਾਨੀਆਂ ਦੇ ਪਾਲਣ ਹਿੱਤ ਜਿਲ੍ਹੇ `ਚ ਪੂਰੇ ਦਿਸ਼ਾ-ਨਿਰਦੇਸ਼ਾਂ ਤਹਿਤ ਸਕੂਲ ਖੁੱਲ੍ਹਣ ਦੀਆਂ ਤਿਆਰੀਆਂ ਹੋ ਗਈਆਂ ਹਨ। ਪ੍ਰਿੰਸੀਪਲ ਗੁਰਦੀਪ ਸਿੰਘ ਖਡੂਰ ਸਾਹਿਬ ਦਾ ਕਹਿਣਾ ਹੈ ਕਿ ਇਸ ਵੇਲੇ ਤਾਲਾਬੰਦੀ ਲੱਗਭੱਗ ਖੁੱਲ੍ਹ ਚੁੱਕੀ ਹੈ ਅਤੇ ਬਹੁਤ ਸਾਰੀਆਂ ਇਕੱਠਾਂ ਵਾਲੀਆਂ ਸਰਗਰਮੀਆਂ ਆਮ ਵਾਂਗ ਚੱਲ ਰਹੀਆਂ ਹਨ ਤਾਂ ਸਕੂਲ ਕਿਉਂ ਨਹੀਂ ਖੁੱਲ੍ਹਣੇ ਚਾਹੀਦੇ। ਜਿਸ ਤਰ੍ਹਾਂ ਹੋਰਨਾਂ ਸਰਗਰਮੀਆਂ ਲਈ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ, ਉਸੇ ਤਰ੍ਹਾਂ ਸਕੂਲਾਂ `ਚ ਵੀ ਕੋਵਿਡ ਤੋਂ ਬਚਾਅ ਲਈ ਧਿਆਨ ਰੱਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸੈਕੰਡਰੀ ਜਮਾਤਾਂ ਦੇ ਜਿਆਦਾਤਰ ਵਿਦਿਆਰਥੀ ਵੀ ਘਰਾਂ `ਚ ਨਹੀਂ ਬੈਠੇ ਹੋਏ ਉਹ ਆਮ ਵਾਂਗ ਆਪਣੇ ਮਾਪਿਆਂ ਦੇ ਕੰਮਾਂ-ਕਾਰਾਂ `ਚ ਹੱਥ ਵਟਾ ਰਹੇ ਹਨ।
ਸਰਕਾਰੀ ਸੀਨੀਅਰ ਸੈਕੰਡਰੀ ਦੇ ਲੈਕਚਰਾਰ ਹਰਜਿੰਦਰ ਸਿੰਘ (ਸਸਸਸ) ਬਾਹਮਣੀਵਾਲਾ ਦਾ ਕਹਿਣਾ ਹੈ ਕਿ ਵਿਦਿਆਰਥੀ ਜੋ ਕੁਝ ਪ੍ਰਤੱਖ ਰੂਪ `ਚ ਆਪਣੇ ਅਧਿਆਪਕਾਂ ਨਾਲ ਰਾਬਤਾ ਬਣਾ ਕੇ ਸਿੱਖਦੇ ਹਨ, ਉਨ੍ਹਾਂ ਵਧੀਆ ਕਿਸੇ ਹੋਰ ਸਾਧਨ ਰਾਹੀਂ ਨਹੀਂ ਸਿੱਖ ਸਕਦੇ। ਇਸ ਕਰਕੇ ਸਕੂਲ ਲੱਗਣੇ ਜ਼ਰੂਰੀ ਹਨ ਪਰ ਕੋਵਿਡ-19 ਦੌਰਾਨ ਅਧਿਆਪਕਾਂ ਨੂੰ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਦੀ ਸਿਹਤ ਸਬੰਧੀ ਸਾਵਧਾਨੀਆਂ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਪਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਉਪਰਾਲੇ ਨੂੰ ਸਫਲ ਬਣਾਉਣ ਲਈ ਉਹ ਹਰ ਸੰਭਵ ਤੇ ਲੋੜੀਂਦੇ ਕਦਮ ਚੁੱਕਣਗੇ। ਇਸੇ ਤਰ੍ਹਾਂ ਦਾ ਪਰਮਜੀਤ ਸਿੰਘ (ਮਾਪੇ) ਦਾ ਕਹਿਣਾ ਹੈ ਕਿ ਮਾਪੇ ਬੱਚਿਆਂ ਨੂੰ ਸਕੂਲ ਪੜ੍ਹਨ ਸਿਰਫ ਅਕਾਦਮਿਕ ਗਿਆਨ ਲਈ ਹੀ ਨਹੀਂ ਲਗਾਉਂਦੇ ਸਗੋਂ ਬੱਚੇ ਅੰਦਰ ਛੁਪੀ ਹੋਈ ਪ੍ਰਤਿਭਾ ਨੂੰ ਉਜ਼ਾਗਰ ਕਰਨ ਲਈ ਵੀ ਲਗਾਉਂਦੇ ਹਨ। ਜਿਸ ਲਈ ਬੱਚਿਆਂ ਦਾ ਸਕੂਲ ਜਾਣਾ ਲਾਜ਼ਮੀ ਹੈ। ਜਿਸ ਤਰ੍ਹਾਂ ਪੰਜਾਬ `ਚ ਕੋਵਿਡ `ਤੇ ਕਾਫੀ ਹੱਦ ਤੱਕ ਕਾਬੂ ਪਾ ਲਿਆ ਗਿਆ ਹੈ ਅਤੇ ਕਾਫੀ ਹੱਦ ਤੱਕ ਜਨਜੀਵਨ ਆਮ ਹੋ ਗਿਆ ਹੈ। ਵੈਸੇ ਵੀ ਸੈਕੰਡਰੀ ਜਮਾਤਾਂ ਦੇ ਬੱਚੇ ਕਾਫੀ ਸਿਆਣੇ ਹੋ ਜਾਂਦੇ ਹਨ, ਇਸ ਲਈ ਸਕੂਲ ਖੋਲ੍ਹਣ `ਚ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ।